ਲੁਧਿਆਣਾ, 6 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਸ਼ਾਹੀ ਮੁਹੱਲਾ ਵਿਚ ਉਸ ਵੇਲੇ ਦਹਿਸ਼ਤ ਫੈਲ ਗਈ ਜਦੋਂ ਲਗਭਗ 10 ਨਕਾਬਪੋਸ਼ ਹਮਲਾਵਰਾਂ ਨੇ ਇਕ ਟੂਰ ਅਤੇ ਟ੍ਰੈਵਲ ਕਾਰੋਬਾਰੀ ਦੇ ਘਰ 'ਤੇ ਕਥਿਤ ਤੌਰ 'ਤੇ ਗੋਲੀਆਂ ਚਲਾਈਆਂ ਅਤੇ ਪੱਥਰ ਸੁੱਟੇ, ਜਿਸ ਕਾਰਨ ਉਥੇ ਸਥਿਤੀ ਤਨਾਪੂਰਨ ਬਣ ਗਈ | ਘਟਨਾ ਬੀਤੀ ਅੱਧੀ ਰਾਤ ਉਸ ਵਕਤ ਵਾਪਰੀ ਜਦੋਂ ਕਾਰੋਬਾਰੀ ਦੀਪਕ ਕੁਮਾਰ ਦੇ ਘਰ 'ਤੇ ਹਮਲਾਵਰਾਂ ਨੇ ਘੱਟੋ-ਘੱਟ ਸੱਤ ਗੋਲੀਆਂ ਚਲਾਈਆਂ, ਕਈ ਗੋਲੀਆਂ ਘਰ ਦੇ ਮੁੱਖ ਦਰਵਾਜ਼ੇ ਨੂੰ ਲੰਘਦੀਆਂ ਹੋਈਆਂ ਅੱਗੇ ਇੱਕ ਸ਼ੀਸ਼ੇ ਦੇ ਦਰਵਾਜੇ 'ਤੇ ਜਾ ਲੱਗੀਆਂ | ਇਨ੍ਹਾਂ ਹਮਲਾਵਰਾਂ ਵਲੋਂ ਇੱਟਾਂ ਅਤੇ ਪੱਥਰ ਵੀ ਸੁੱਟੇ ਗਏ | ਦੀਪਕ ਕੁਮਾਰ ਨੇ ਦੱਸਿਆ ਕਿ ਇਹ ਘਟਨਾ ਦੇਰ ਰਾਤ 1.15 ਵਜੇ ਦੇ ਕਰੀਬ ਵਾਪਰੀ ਗਲੀ ਵਿਚ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਸੁਣ ਕੇ ਜਦੋਂ ਉਹ ਬਾਹਰ ਆਇਆ ਤਾਂ ਉਸ ਦੇਖਿਆ ਕਿ ਉਸਦੇ ਘਰ 'ਤੇ ਹੀ ਗੋਲੀਆਂ ਚਲਾਈਆਂ ਜਾ ਰਹੀਆਂ ਹਨ | ਘਰ ਦੇ ਅੰਦਰਲੇ ਸ਼ੀਸ਼ੇ ਵੀ ਟੁੱਟ ਗਏ ਹਨ | ਬਾਅਦ ਵਿਚ ਉਸ ਨੂੰ ਗੁਆਂਢੀਆਂ ਨੇ ਦੱਸਿਆ ਕਿ 10 ਦੇ ਕਰੀਬ ਹਮਲਾਵਰਾਂ ਵੱਲੋਂ ਇਹ ਗੋਲੀਆਂ ਚਲਾਈਆਂ ਗਈਆਂ ਹਨ | ਦੀਪਕ ਵਲੋਂ ਇਸਦੀ ਸੂਚਨਾ ਪੁਲਿਸ ਨੂੰ ਦਿੱਤੀ | ਇਸ ਘਟਨਾ ਨਾਲ ਪੂਰੇ ਇਲਾਕੇ ਵਿਚ ਡਰ ਤੇ ਦਹਿਸ਼ਤ ਦਾ ਮਾਹੌਲ ਹੈ | ਦੀਪਕ ਨੇ ਦੱਸਿਆ ਕਿ ਉਸਦੀ ਕਿਸੇ ਨਾਲ ਵੀ ਕੋਈ ਦੁਸ਼ਮਣੀ ਨਹੀਂ ਹੈ ਅਤੇ ਕਦੀ ਵੀ ਉਸਨੂੰ ਫਿਰੋਤੀ ਅਤੇ ਕੋਈ ਵੀ ਧਮਕੀ ਭਰਿਆ ਫੋਨ ਨਹੀਂ ਆਇਆ ਹੈ | ਪੁਲਿਸ ਵਲੋਂ ਹਾਲ ਦੀ ਘੜੀ ਕਾਰਵਾਈ ਕਰਦਿਆਂ ਇਸ ਮਾਮਲੇ ਵਿਚ ਕੇਸ ਦਰਜ ਕੀਤਾ ਜਾ ਰਿਹਾ ਸੀ ਅਤੇ ਜਾਂਚ ਕੀਤੇ ਜਾਣ ਬਾਰੇ ਕਿਹਾ ਗਿਆ ਹੈ, ਪਰ ਦੇਰ ਰਾਤ ਤੱਕ ਪੁਲਿਸ ਨੂੰ ਹਮਲਾਵਰਾਂ ਬਾਰੇ ਕੋਈ ਵੀ ਸੁਰਾਗ ਹੱਥ ਨਹੀਂ ਲੱਗਾ ਸੀ | ਜਦਕਿ ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੇ ਜਾਣ ਬਾਰੇ ਕਿਹਾ ਜਾ ਰਿਹਾ ਹੈ | ਪੁਲਿਸ ਵਲੋਂ ਘਰ ਦੇ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਕਬਜ਼ੇ ਵਿਚ ਲੈ ਲਈ ਹੈ ਤਾਂ ਜੋ ਹਮਲਾਵਰਾਂ ਦੀ ਸ਼ਨਾਖਤ ਕੀਤੀ ਜਾ ਸਕੇ |