ਲਾਡੋਵਾਲ, 23 ਜਨਵਰੀ (ਬਲਬੀਰ ਸਿੰਘ ਰਾਣਾ)-ਨੇੜਲੇ ਪਿੰਡ ਲਾਦੀਆਂ ਖੁਰਦ ਵਿਖੇ ਜੀ.ਏ.ਡੀ. ਅਕੈਡਮੀ ਵਿਚ ਬਸੰਤ ਪੰਚਮੀ ਦਾ ਪ੍ਰੋਗਰਾਮ ਮਨਾਇਆ ਗਿਆ, ਜਿਸ ਦੀ ਸ਼ੁਰੂਆਤ ਇਕ ਧਾਰਮਿਕ ਭਜਨ ਗਾ ਕੇ ਕੀਤੀ ਗਈ | ਇਸ ਮੌਕੇ ਗੱਲਬਾਤ ਕਰਦਿਆਂ ਅਕੈਡਮੀ ਦੇ ਮੈਨੇਜਿੰਗ ਡਾਇਰੈਕਟਰ ਹਰਗੁਲਾਬ ਸਿੰਘ ਨੇ ਦੱਸਿਆ ਕਿ ਸਾਰੇ ਬੱਚੇ ਪੀਲੀਆਂ ਪੁਸ਼ਾਕਾਂ ਪਾ ਕੇ ਆਏ ਸਨ, ਪੀਲੇ ਵਸਤਰਾਂ ਵਿਚ ਸਾਰੇ ਵਿਦਿਆਰਥੀ ਬਹੁਤ ਹੀ ਖੂਬਸੂਰਤ ਲੱਗ ਰਹੇ ਸਨ | ਜਦ ਕਿ ਪ੍ਰੋਗਰਾਮ ਨੂੰ ਹੋਰ ਖੂਬਸੂਰਤ ਰੰਗਤ ਦੇਣ ਲਈ ਵਿਦਿਆਰਥੀਆਂ ਨੇ ਆਪਣੇ ਘਰਾਂ ਤੋਂ ਪੀਲੇ ਪਕਵਾਨ ਵੀ ਤਿਆਰ ਕਰਕੇ ਲਿਆਂਦੇ | ਉਨ੍ਹਾਂ ਦੱਸਿਆ ਕਿ ਬੱਚਿਆਂ ਵਲੋਂ ਬਸੰਤ ਪੰਚਮੀ ਨਾਲ ਸੰਬੰਧਿਤ ਚਾਰਟ ਅਤੇ ਪੋਸਟਰ ਆਦਿ ਵੀ ਬਣਾਏ, ਤੇ ਨਵੀਂ ਬਹਾਰ ਨਾਲ ਸੰਬੰਧਿਤ ਗੀਤ ਵੀ ਪੇਸ਼ ਕੀਤੇ | ਇਸ ਮੌਕੇ ਪਿ੍ੰਸੀਪਲ ਮੈਡਮ ਰੀਮਾ ਸ਼ਰਮਾ ਨੇ ਵਿਦਿਆਰਥੀਆਂ ਨੂੰ ਇਸ ਤਿਉਹਾਰ ਦੀ ਮਹੱਤਤਾ ਤੋਂ ਜਾਣੂ ਕਰਵਾਉਦਿਆਂ ਕਿਹਾ ਕਿ ਇਹ ਤਿਉਹਾਰ ਨਵੀਂ ਬਹਾਰ, ਨਵੀਂ ਖੁਸ਼ੀ ਅਤੇ ਨਵੀਂ ਰੁੱਤ ਦਾ ਪ੍ਰਤੀਕ ਹੈ | ਜਿਵੇਂ ਕਿ ਕਹਾਵਤ ਮੁਤਾਬਕ ਆਈ ਬਸੰਤ ਪਾਲਾ ਉਡੰਤ ਫਿਰ ਸਰਦੀ ਘਟਣੀ ਸ਼ੁਰੂ ਹੋ ਜਾਂਦੀ ਹੈ ਅਤੇ ਸਾਰੀ ਬਨਸਪਤੀ ਇਕ ਨਵਾਂ ਰੂਪ ਧਾਰਨ ਕਰ ਲੈਂਦੀ ਹੈ | ਇਸ ਦਿਨ ਸਾਰੇ ਬੱਚੇ ਖ਼ੁਸ਼ੀ ਵਿਚ ਪਤੰਗ ਵੀ ਉਡਾਉਂਦੇ ਹਨ ਅਤੇ ਪਤੰਗਾਂ ਨਾਲ ਢਕਿਆ ਆਸਮਾਨ ਬੜਾ ਖੂਬਸੂਰਤ ਦਿਖਾਈ ਦਿੰਦਾ ਹੈ | ਇਸ ਸਮੇਂ ਸਕੂਲ ਦੇ ਚੇਅਰਮੈਨ ਪਰਮਪ੍ਰੀਤ ਸਿੰਘ ਨੇ ਵਿਦਿਆਰਥੀਆਂ ਨੂੰ ਵਧੀਆ ਪ੍ਰੋਗਰਾਮ ਪੇਸ਼ ਕਰਨ ਤੇ ਹਾਰਦਿਕ ਵਧਾਈ ਦਿੱਤੀ ਅਤੇ ਅੱਗੇ ਤੋਂ ਹੋਰ ਵੀ ਵਧੀਆ ਪੇਸ਼ਕਾਰੀ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਅਕੈਡਮੀ ਦੇ ਸਮੂਹ ਸਕੂਲ ਸਟਾਫ ਮੈਂਬਰ ਵੀ ਹਾਜ਼ਰ ਸਨ |