ਢੰਡਾਰੀ ਕਲਾਂ/ਲੁਧਿਆਣਾ, 27 ਜਨਵਰੀ (ਜਸਵੀਰ ਸਿੰਘ ਬੰਗਾ)-ਵਾਰਡ ਨੰਬਰ 25 ਅਧੀਨ ਆਉਂਦੇ ਇਲਾਕੇ ਢੰਡਾਰੀ ਖੁਰਦ 'ਚ ਵਿਕਾਸ ਕਾਰਜ ਜੰਗੀ ਪੱਧਰ 'ਤੇ ਚੱਲ ਰਹੇ ਹਨ, ਜਿਨ੍ਹਾਂ ਦੇ ਮੁਕੰਮਲ ਹੋ ਜਾਣ ਨਾਲ ਇਲਾਕਾ ਵਾਸੀਆਂ ਨੂੰ ਵੱਡੀ ਸਹੂਲਤ ਮਿਲੇਗੀ | ਇਹ ਪ੍ਰਗਟਾਵਾ ਕੌਂਸਲਰ ਸੁਖਜਿੰਦਰ ਕੌਰ ਦੇ ਪਤੀ ਸਮਾਜ ਸੇਵਕ ਕਮਲਜੀਤ ਸਿੰਘ ਬੋਪਾਰਾਏ ਨੇ ਫਿਲੋ ਬੈਂਕ ਦੇ ਪਿੱਛੇ ਦੁਰਗਾ ਕਲੋਨੀ ਅਤੇ ਸ਼ਨੀਵਾਰ ਮੰਡੀ ਨਿਊ ਪ੍ਰੇਮ ਨਗਰ 'ਚ ਇੰਟਰਲਾਕ ਟਾਈਲਾਂ ਨਾਲ ਬਣ ਰਹੀਆਂ ਗਲੀਆਂ ਅਤੇ ਸੜਕਾਂ ਦਾ ਜਾਇਜ਼ਾ ਲੈਂਦਿਆਂ ਕੀਤਾ | ਬੋਪਾਰਾਏ ਨੇ ਕਿਹਾ ਕਿ ਉਨ੍ਹਾਂ ਵਲੋਂ ਸਿਆਸਤ ਤੋਂ ਉਪਰ ਉਠ ਕੇ ਢੰਡਾਰੀ ਖੁਰਦ 'ਚ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ, ਜਿਨ੍ਹਾਂ ਦੇ ਮੁਕੰਮਲ ਹੋ ਜਾਣ ਨਾਲ ਇਲਾਕਾ ਵਾਸੀਆਂ ਨੂੰ ਵੱਡੀ ਰਾਹਤ ਮਿਲੇਗੀ | ਉਨ੍ਹਾਂ ਕਿਹਾ ਕਿ ਢੰਡਾਰੀ ਖੁਰਦ ਵਾਸੀਆਂ ਨੂੰ ਸੀਵਰੇਜ ਜਾਮ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਜਿਸ ਨੂੰ ਦੇਖਦੇ ਹੋਏ ਢੰਡਾਰੀ ਖੁਰਦ 'ਚ ਵੱਡੀਆਂ ਸੀਵਰੇਜ ਪਾਈਪਾਂ ਪਵਾਈਆਂ ਗਈਆਂ ਹਨ, ਜਿਸ ਨਾਲ ਲੋਕਾਂ ਨੂੰ ਪੇਸ਼ ਆ ਰਹੀ ਸੀਵਰੇਜ ਦੀ ਸਮੱਸਿਆ ਦਾ ਪੱਕਾ ਹੱਲ ਹੋ ਗਿਆ ਹੈ | ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਵਾਰਡ ਵਿਚ ਸਟਰੀਟ ਲਾਈਟਾਂ ਲਗਵਾਈਆਂ ਗਈਆਂ ਹਨ, ਪਾਰਕਾਂ 'ਚ ਸੁੰਦਰ ਬਣਾਇਆ ਜਾ ਰਿਹਾ ਹੈ ਅਤੇ ਵਾਰਡ ਦੀ ਹਰ ਗਲੀ 'ਚ ਇੰਟਰਲਾਕ ਟਾਈਲਾਂ ਲਗਾਉਣ ਦਾ ਕੰਮ ਜੰਗੀ ਪੱਧਰ 'ਤੇ ਚੱਲ ਰਿਹਾ ਹੈ | ਬੋਪਾਰਾਏ ਨੇ ਕਿਹਾ ਕਿ ਵਾਰਡ ਨੰਬਰ 25 ਮੇਰਾ ਵਾਰਡ ਹੀ ਨਹੀਂ ਬਲਕਿ ਪਰਿਵਾਰ ਹੈ, ਇਸ ਲਈ ਪਰਿਵਾਰ ਦੇ ਹਰ ਇਕ ਮੈਂਬਰ ਨੂੰ ਪੇਸ਼ ਆਉਂਦੀ ਸਮੱਸਿਆ ਦਾ ਹੱਲ ਕਰਨਾ ਮੇਰੀ ਜਿੰਮੇਵਾਰੀ ਹੈ | ਉਨ੍ਹਾਂ ਵਾਰਡ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਕੋਈ ਸਮੱਸਿਆ ਪੇਸ਼ ਆਉਂਦੀ ਹੈ ਤਾਂ ਉਨ੍ਹਾਂ ਦੇ ਧਿਆਨ ਵਿਚ ਲਿਆਂਦੀ ਜਾਵੇਗੀ, ਜਿਸਦਾ ਤੁਰੰਤ ਹੱਲ ਕਰਵਾਇਆ ਜਾਵੇਗਾ |