ਲੁਧਿਆਣਾ, 28 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਬੈਂਕ ਵਲੋਂ ਕਬਜ਼ੇ ਵਿਚ ਲਈ ਜਾਇਦਾਦ ਦੀ ਸੀਲ ਤੋੜਨ ਦੇ ਮਾਮਲੇ ਵਿਚ ਪੁਲਿਸ ਵਲੋਂ ਕੇਸ ਦਰਜ ਕੀਤਾ ਗਿਆ ਹੈ | ਪੁਲਿਸ ਵਲੋਂ ਇਹ ਕਾਰਵਾਈ ਆਈਸੀਆਈਸੀਆਈ ਬੈਂਕ ਦੇ ਅਧਿਕਾਰੀ ਮਲਕੀਤ ਸਿੰਘ ਦੀ ਸ਼ਿਕਾਇਤ 'ਤੇ ਅਮਲ ਵਿਚ ਲਿਆਂਦੀ ਹੈ ਅਤੇ ਇਸ ਸਬੰਧੀ ਸੰਤ ਪ੍ਰਸ਼ਾਦ ਵਾਸੀ ਸ਼ਿਵਪੁਰੀ ਖਿਲਾਫ ਕੇਸ ਦਰਜ ਕੀਤਾ ਹੈ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤ ਕਰਤਾ ਨੇ ਦੱਸਿਆ ਕਿ ਉਨ੍ਹਾਂ ਵਲੋਂ ਸ਼ਿਵਪੁਰੀ ਰੋਡ ਸਥਿਤ ਇਕ ਮਕਾਨ ਨੂੰ ਆਪਣੇ ਕਬਜ਼ੇ ਵਿਚ ਲਿਆ ਸੀ | ਇਹ ਮਕਾਨ ਨੂੰ ਮਾਲਕਾਂ ਵਲੋਂ ਕਰਜ਼ਾ ਨਾ ਮੋੜਨ ਦੇ ਸੰਬੰਧ ਵਿਚ ਕਬਜ਼ੇ ਵਿਚ ਲਿਆ ਗਿਆ ਸੀ ਅਤੇ ਬੈਂਕ ਵਲੋਂ ਉੱਥੇ ਆਪਣੀ ਸੀਲ ਲਗਾ ਦਿੱਤੀ ਸੀ | ਪਰ ਕਥਿਤ ਦੋਸ਼ੀ ਵੱਲੋਂ ਬੈਂਕ ਦੀ ਸੀਲ ਤੋੜ ਕੇ ਦੁਬਾਰਾ ਮੁੜ ਤੋਂ ਕਬਜ਼ਾ ਕਰ ਲਿਆ | ਅੱਜ ਇਸ ਤੇ ਸ਼ਿਕਾਇਤ ਕਰਤਾ ਨੇ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆਂਦਾ ਤਾ ਪੁਲਿਸ ਵਲੋਂ ਕਾਰਵਾਈ ਕਰਦਿਆਂ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ | ਹਾਲ ਦੀ ਘੜੀ ਇਸ ਮਾਮਲੇ ਵਿਚ ਗਿ੍ਫਤਾਰੀ ਨਹੀਂ ਕੀਤੀ ਗਈ ਹੈ |