ਲੁਧਿਆਣਾ, 1 ਫਰਵਰੀ (ਜਤਿੰਦਰ ਭੰਬੀ)-ਯੂਨਾਈਟਡ ਫ਼ਰੰਟ ਆਫ਼ ਟ੍ਰਰੇਡ ਯੂਨੀਅਨਜ ਵਲੋਂ ਏਟਕ, ਇੰਟਕ, ਸੀਟੂ ਅਤੇ ਸੀਟੀਯੂ ਪੰਜਾਬ ਸ਼ਾਮਿਲ ਹਨ, ਨੇ ਵਰਕਰਾਂ ਦੀ ਸਾਂਝੀ ਕਨਵੈਨਸ਼ਨ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿਖੇ ਹੋਈ, ਜਿਸ ਵਿਚ 12 ਫਰਵਰੀ ਦੀ ਦੇਸ਼ ਵਿਆਪੀ ਆਪ ਹੜਤਾਲ ਦੀ ਤਿਆਰੀ ਨੂੰ ਲੈ ਕੇ ਆਗੂਆਂ ਨੇ ਮਨਰੇਗਾ ਕਾਨੂੰਨ ਨੂੰ ਬਹਾਲ ਕਰਨ, ਬਿਜਲੀ ਸੋਧ ਬਿੱਲ 2025 ਨੂੰ ਰੱਦ ਕਰਨ ਅਤੇ ਬੀਜ ਬਿਲ 2025 ਦੇ ਮਾਰੂ ਪ੍ਰਭਾਵਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ | ਇਹ ਵੀ ਫੈਸਲਾ ਕੀਤਾ ਗਿਆ ਕਿ ਗੇਟ ਰੈਲੀਆਂ ਕਰਕੇ ਸਾਂਝੇ ਤੌਰ 'ਤੇ ਲੁਧਿਆਣੇ ਵਿਚ ਬੱਸ ਸਟੈਂਡ ਵਿਖੇ ਇੱਕੋ ਥਾਂ 'ਤੇ ਸਾਂਝੀ ਰੈਲੀ ਕੀਤੀ ਜਾਵੇਗੀ | ਮੀਟਿੰਗ ਵਿਚ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਸੂਰਿਆਕਾਂਤ ਵਲੋਂ ਟਰੇਡ ਯੂਨੀਅਨਾਂ ਪ੍ਰਤੀ ਕੀਤੀਆਂ ਗਈਆਂ ਟਿੱਪਣੀਆਂ 'ਤੇ ਡੂੰਘਾ ਵਿਰੋਧ ਦਰਜ ਕਰਵਾਇਆ ਗਿਆ ਅਤੇ ਇਕ ਮਤਾ ਪਾਸ ਕਰਕੇ ਮੰਗ ਕੀਤੀ ਗਈ ਕਿ ਸੁਪਰੀਮ ਕੋਰਟ ਆਪਣੀਆਂ ਟ੍ਰਰੇਡ ਯੂਨੀਅਨਾਂ ਦੇ ਬਾਰੇ ਨਿਰਾਧਾਰ ਅਤੇ ਗਲਤ ਟਿੱਪਣੀਆਂ ਨੂੰ ਵਾਪਸ ਲਵੇ | ਆਗੂਆਂ ਨੇ ਇਸ 'ਤੇ ਅਫਸੋਸ ਜ਼ਾਹਿਰ ਕੀਤਾ ਕਿ ਚੀਫ ਜਸਟਿਸ ਨੇ ਆਜ਼ਾਦੀ ਸੰਘਰਸ਼ ਦੇ ਦੌਰਾਨ ਟਰੇਡ ਯੂਨੀਅਨਾਂ ਵਲੋਂ ਪਾਏ ਗਏ ਯੋਗਦਾਨ ਦੀ ਸ਼ਲਾਘਾ ਕਰਨ ਦੀ ਥਾਂ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨ ਲਈ ਮਜ਼ਦੂਰ ਵਿਰੋਧੀ ਗੱਲਾਂ ਕਹੀਆਂ ਹਨ | ਪ੍ਰਧਾਨਗੀ ਮੰਡਲ ਵਿਚ ਵਿਜੇ ਕੁਮਾਰ, ਗੁਰਜੀਤ ਸਿੰਘ ਜਗਪਾਲ, ਜਗਦੀਸ਼ ਚੰਦ ਅਤੇ ਹਨੂੰਮਾਨ ਪ੍ਰਸ਼ਾਦ ਦੂਬੇ ਸ਼ਾਮਿਲ ਸਨ |