ਲੁਧਿਆਣਾ, 2 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਅੰਤਰਰਾਸ਼ਟਰੀ ਫਰਮ ਹੇਅਰ ਮਾਸਟਰ ਸੈਲੂਨ ਦੇ ਵਿਵਾਦ ਦੇ ਮਾਮਲੇ ਵਿਚ ਪੁਲਿਸ ਵਲੋਂ ਇਕ ਹਿੱਸੇਦਾਰ ਦੀ ਸ਼ਿਕਾਇਤ 'ਤੇ ਦੂਜੇ ਹਿੱਸੇਦਾਰ ਪਤੀ ਪਤਨੀ ਸਮੇਤ 14 ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਮਾਇਆ ਨਗਰ ਦੀ ਰਹਿਣ ਵਾਲੀ ਸਰੂਚੀ ਜੋਸ਼ੀ ਕੁਮਾਰ ਦੀ ਸ਼ਿਕਾਇਤ 'ਤੇ ਅਮਲ ਵਿਚ ਲਿਆਂਦੀ ਹੈ ਤੇ ਇਸ ਸੰਬੰਧੀ ਪੁਲਿਸ ਨੇ ਰਸ਼ਮੀਤ ਕਪੂਰ ਪਤਨੀ ਸਾਹਿਲ ਕਪੂਰ, ਸਾਹਿਲ ਕਪੂਰ, ਰਸਮੀਤ ਕਪੂਰ ਦਾ ਭਰਾ ਕਬੀਰ 6 ਬਾਉਂਸਰਾਂ ਅਤੇ 4 ਹੋਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦੀ ਹੇਅਰ ਮਾਸਟਰ ਸੈਲੂਨ ਸਰਾਭਾ ਨਗਰ ਵਿਚ ਉਕਤ ਔਰਤ ਰਸ਼ਮੀਤ ਕਪੂਰ, ਸਾਹਿਲ ਕਪੂਰ, ਪੂਰਵਾ ਬਤਰਾ, ਤਰੁਨ ਦਾਨਿਸ਼ ਬਤਰਾ ਨਾਲ ਜੁਲਾਈ 2024 ਤੋਂ ਹਿੱਸੇਦਾਰੀ ਚੱਲ ਰਹੀ ਹੈ | ਉਸ ਨੇ ਦੱਸਿਆ ਕਿ 1 ਜਨਵਰੀ ਨੂੰ ਰਸ਼ਮੀਤ ਕਪੂਰ ਅਤੇ ਸਾਹਿਲ ਕਪੂਰ ਨੇ ਉਸ ਨੂੰ ਸੈਲੂਨ ਵਿਚ ਅੰਦਰ ਦਾਖਲ ਹੋਣ ਤੋਂ ਰੋਕ ਦਿੱਤਾ ਅਤੇ ਉਸ ਨੂੰ ਤੰਗ ਪ੍ਰੇਸ਼ਾਨ ਕਰਨ ਲੱਗ ਪਏ | ਉਸ ਨੇ ਦੱਸਿਆ ਕਿ ਉਹ ਲਗਾਤਾਰ ਸੈਲੂਨ ਵਿਚ ਜਾਂਦੀ ਸੀ ਅਤੇ ਇਹਨਾਂ ਨੇ ਸੈਲੂਨ ਦਾ ਮਾਹੌਲ ਖਰਾਬ ਕਰਨ ਲਈ ਖੰਨਾ ਬਰਾਂਚ ਦੇ ਹਿੱਸੇਦਾਰ ਸਰਪ੍ਰੀਤ ਸਿੰਘ ਨੂੰ ਉੱਥੇ ਭੇਜਣਾ ਸ਼ੁਰੂ ਕਰ ਦਿੱਤਾ, ਜਿਸ ਨਾਲ ਉਸ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ਉਸ ਨੇ ਦੱਸਿਆ ਕਿ ਬੀਤੇ ਦਿਨ ਉਹ ਸੈਲੂਨ 'ਤੇ ਸੀ ਤਾਂ ਉਕਤ ਕਥਿਤ ਦੋਸ਼ੀ ਸੈਲੂਨ 'ਤੇ ਆਏ ਅਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ | ਇਹਨਾਂ ਕਥਿਤ ਦੋਸ਼ੀਆਂ ਵਲੋਂ ਬਾਊਾਸਰਾਂ ਅਤੇ ਹੋਰ ਅਣਪਛਾਤੇ ਵਿਅਕਤੀਆਂ ਨਾਲ ਮਿਲ ਕੇ ਉਸ ਨੂੰ ਸੈਲੂਨ ਤੋਂ ਬਾਹਰ ਕੱਢ ਦਿੱਤਾ ਅਤੇ ਖੁਦ ਕਬਜ਼ੇ ਦੀ ਕੋਸ਼ਿਸ਼ ਕੀਤੀ, ਜਿਸ 'ਤੇ ਸ਼ਿਕਾਇਤਕਰਤਾ ਵਲੋਂ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆਂਦਾ ਤਾਂ ਪੁਲਿਸ ਵਲੋਂ ਕਾਰਵਾਈ ਕਰਦਿਆਂ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ | ਹਾਲ ਦੀ ਘੜੀ ਇਸ ਮਾਮਲੇ ਵਿਚ ਕੋਈ ਵੀ ਗਿ੍ਫ਼ਤਾਰੀ ਨਹੀਂ ਕੀਤੀ ਗਈ ਹੈ | ਜ਼ਿਕਰਯੋਗ ਹੈ ਕਿ ਉਕਤ ਸੈਲੂਨ ਅੰਤਰਰਾਸ਼ਟਰੀ ਪੱਧਰ ਦਾ ਸੈਲੂਨ ਹੈ ਅਤੇ ਇਸ ਦੀਆਂ ਦੇਸ਼ ਅਤੇ ਵਿਦੇਸ਼ ਵਿਚ ਕਈ ਬਰਾਂਚਾਂ ਹਨ |