ਲੁਧਿਆਣਾ, 2 ਫਰਵਰੀ (ਡਾ. ਤਰਲੋਚਨ ਸਿੰਘ)-'ਬੇਟੀ ਬਚਾਓ, ਬੇਟੀ ਪੜ੍ਹਾਓ' ਸਕੀਮ ਤਹਿਤ ਔਰਤਾਂ ਨੂੰ ਸਮਰੱਥ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਥਾਨਕ ਸਰਕਾਰੀ ਕਾਲਜ (ਲੜਕੀਆਂ) ਵਿਖੇ ਸਿਹਤ ਤੇ ਰੋਜ਼ਗਾਰ ਕੈਂਪ ਲਗਾਇਆ ਗਿਆ, ਜਿਸ ਵਿਚ ਵੱਖ-ਵੱਖ ਨਾਮੀ ਕੰਪਨੀਆਂ ਵਲੋਂ ਸ਼ਮੂਲੀਅਤ ਕੀਤੀ ਗਈ | ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਰਾਕੇਸ਼ ਕੁਮਾਰ, ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਜੀਵਨਦੀਪ ਸਿੰਘ, ਪੀ.ਸੀ.ਐਸ. (ਅਲਾਈਡ), ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਗੁਰਮੀਤ ਸਿੰਘ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਵਰਿੰਦਰ ਸਿੰਘ ਟਿਵਾਣਾ, ਸੋਸ਼ਲ ਪ੍ਰਸਨੈਲਟੀ ਡਾ. ਸੁਲਭਾ ਜਿੰਦਲ ਵੀ ਹਾਜ਼ਰ ਸਨ | ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਗੁਰਮੀਤ ਸਿੰਘ ਨੇ ਦੱਸਿਆ ਕਿ ਰੋਜ਼ਗਾਰ ਕੈਂਪ ਮੌਕੇ ਕਰੀਬ 665 ਮਹਿਲਾ ਪ੍ਰਾਰਥੀਆਂ ਵਲੋਂ ਸ਼ਮੂਲੀਅਤ ਕੀਤੀ ਗਈ, ਜਿਨ੍ਹਾਂ ਵਿਚੋਂ 169 ਔਰਤਾਂ ਦੀ ਵੱਖ-ਵੱਖ ਨੌਕਰੀਆਂ ਲਈ ਚੋਣ ਕੀਤੀ ਗਈ | ਉਨ੍ਹਾਂ ਅੱਗੇ ਦੱਸਿਆ ਕਿ ਕੈਂਪ ਵਿਚ ਸਿਹਤ ਵਿਭਾਗ ਵਲੋਂ 31 ਬੂਥ ਸਥਾਪਤ ਕੀਤੇ ਗਏ ਸਨ, ਜਿੱਥੇ 975 ਲਾਭਪਾਤਰੀਆਂ ਵਲੋਂ ਆਪਣੀ ਰਜਿਸਟਰੇਸ਼ਨ ਕਰਵਾਈ ਗਈ ਅਤੇ ਮਾਹਿਰ ਡਾਕਟਰਾਂ ਵਲੋਂ ਔਰਤਾਂ ਦੀ ਸਿਹਤ ਜਾਂਚ ਕੀਤੀ | ਕੈਂਪ ਵਿਚ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਲੁਧਿਆਣਾ ਦਾ ਸਮੂਹ ਸਟਾਫ਼, ਜਿੱਲ੍ਹਾ ਬਾਲ ਸੁਰੱਖਿਆ ਯੂਨਿਟ ਦਾ ਸਟਾਫ਼, ਸਮੂਹ ਸੀ.ਡੀ.ਪੀ.ਓਜ, ਸੁਪਰਵਾਈਜ਼ਰ ਆਦਿ ਵੀ ਹਾਜ਼ਰ ਸਨ |