ਲੁਧਿਆਣਾ, 4 ਫਰਵਰੀ (ਜਤਿੰਦਰ ਭੰਬੀ)-ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਤਹਿਤ ਜੀਵਨਜੋਤ ਪ੍ਰੋਜੈਕਟ ਅਧੀਨ ਬਾਲ ਭਿੱਖਿਆ ਤੇ ਬਾਲ ਮਜ਼ਦੂਰੀ ਦੀ ਰੋਕਥਾਮ ਲਈ ਵਿਸ਼ੇਸ਼ ਜਾਗਰੂਕਤਾ ਅਭਿਆਨ ਚਲਾਇਆ ਗਿਆ | ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਲੁਧਿਆਣਾ ਰਸ਼ਮੀ ਦੀ ਅਗਵਾਈ ਹੇਠ ਬਾਲ ਭਿੱਖਿਆ ਦੀ ਰੋਕਥਾਮ ਲਈ ਜ਼ਿਲ੍ਹਾ ਟਾਸਕ ਫੋਰਸ ਟੀਮ ਵਲੋਂ ਲੁਧਿਆਣਾ ਸ਼ਹਿਰ ਦੇ ਪ੍ਰਮੁੱਖ ਸਥਾਨਾਂ 'ਤੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ | ਟੀਮ ਵਲੋਂ ਦੁਰਗਾ ਮਾਤਾ ਮੰਦਿਰ, ਦੰਡੀ ਸਵਾਮੀ ਮੰਦਿਰ, ਸ਼ੀਤਲਾ ਮਾਤਾ ਮੰਦਿਰ, ਰੇਲਵੇ ਸਟੇਸ਼ਨ, ਜੇ.ਐਮ.ਡੀ. ਮਾਲ ਅਤੇ ਬੱਸ ਸਟੈਂਡ ਵਿਖੇ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਬੱਚਿਆਂ ਨੂੰ ਭੀਖ ਦੇਣ ਤੋਂ ਗੁਰੇਜ਼ ਕੀਤਾ ਜਾਵੇ | ਉਨ੍ਹਾਂ ਕਿਹਾ ਆਮ ਲੋਕਾਂ ਦੇ ਸਹਿਯੋਗ ਨਾਲ ਹੀ ਬਾਲ ਭਿੱਖਿਆ ਵਰਗੀ ਅਲਾਮਤ 'ਤੇ ਠੱਲ੍ਹ ਪਾਈ ਜਾ ਸਕਦੀ ਹੈ | ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਨੇ ਦੱਸਿਆ ਕਿ ਲਗਾਤਾਰ ਚੈਕਿੰਗ ਕਾਰਨ ਕੋਈ ਵੀ ਬੱਚਾ ਭੀਖ ਮੰਗਦਾ ਨਹੀਂ ਪਾਇਆ ਗਿਆ, ਜੋ ਕਿ ਬਾਲ ਭਿੱਖਿਆ ਮੁਕਤ ਜ਼ਿਲ੍ਹੇ ਲਈ ਸ਼ੁੱਭ ਸੰਕੇਤ ਹੈ | ਇਸ ਤੋਂ ਇਲਾਵਾ ਬਾਲ ਮਜ਼ਦੂਰੀ ਦੀ ਰੋਕਥਾਮ ਲਈ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਵਲੋਂ ਸਥਾਨਕ ਨੂਰਵਾਲਾ ਰੋਡ, ਰਾਹੋਂ ਰੋਡ ਅਤੇ ਪਿੰਡ ਲੋਹਾਰਾ ਦੇ ਨੇੜਲੇ ਇਲਾਕਿਆਂ ਵਿਚ ਅਚਨਚੇਤ ਚੈਕਿੰਗ ਕੀਤੀ ਗਈ | ਚੈਕਿੰਗ ਦੌਰਾਨ ਉਨ੍ਹਾਂ ਢਾਬਿਆਂ, ਰੈਸਟੋਰੈਂਟਾਂ, ਦੁਕਾਨਦਾਰਾਂ ਨੂੰ ਸਪੱਸ਼ਟ ਕੀਤਾ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੋਂ ਬਾਲ ਮਜ਼ਦੂਰੀ ਨਾ ਕਰਵਾਈ ਜਾਵੇ | ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਰਸ਼ਮੀ ਨੇ ਦੱਸਿਆ ਕਿ ਭਵਿੱਖ ਵਿਚ ਵੀ ਇਹ ਜਾਗਰੂਕਤਾ ਅਭਿਆਨ ਅਤੇ ਅਚਨਚੇਤ ਚੈਕਿੰਗ ਜਾਰੀ ਰਹੇਗੀ ਤਾਂ ਜੋ ਲੁਧਿਆਣਾ ਜ਼ਿਲ੍ਹੇ ਨੂੰ ਬਾਲ ਭਿੱਖਿਆ ਤੇ ਬਾਲ ਮਜ਼ਦੂਰੀ ਤੋਂ ਮੁਕਤ ਕਰਵਾ ਕੇ ਬੱਚਿਆਂ ਦਾ ਭਵਿੱਖ ਉੱਜਵਲ ਬਣਾਇਆ ਜਾ ਸਕੇ |