ਲੁਧਿਆਣਾ, 6 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਅੰਮਿ੍ਤਸਰ-ਦਿੱਲੀ ਹਾਈਵੇਅ 'ਤੇ ਲੁਧਿਆਣਾ ਦਿੱਲੀ ਮੁੱਖ ਸੜਕ ਤੇ ਮੋਤੀ ਨਗਰ-ਟਰਾਂਸਪੋਰਟ ਨਗਰ ਪੁੱਲ 'ਤੇ ਦੋ ਮੋਟਰਸਾਈਕਲ ਸਵਾਰ ਲੁਟੇਰਿਆ ਨੇ ਬੰਦੂਕ ਦੀ ਨੋਕ 'ਤੇ ਇਕ ਨੌਜਵਾਨ ਤੋਂ 8,000 ਰੁਪਏ ਲੁੱਟ ਲਏ | ਮੋਟਰਸਾਈਕਲ ਸਵਾਰਾਂ ਨੇ ਨੌਜਵਾਨ ਨੂੰ ਰੁਕਣ ਦਾ ਇਸ਼ਾਰਾ ਕੀਤਾ ਅਤੇ ਪੁੱਛਿਆ, ''ਭਾਜੀ ਕਿਵੇਂ ਹੋ?U ਅਤੇ ਉਸ ਦੇ ਮੋਟਰਸਾਈਕਲ ਦੀਆਂ ਚਾਬੀਆਂ ਖੋਹ ਲਈਆਂ | ਫਿਰ ਉਨ੍ਹਾਂ ਨੇ ਬੰਦੂਕ ਦੀ ਨੋਕ 'ਤੇ ਉਸ ਤੋਂ ਨਗਦੀ ਲੁੱਟ ਲਈ | ਲੋਹਾਰਾ ਦੇ ਰਹਿਣ ਵਾਲੇ ਪੀੜਤ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਸ਼ਾਮ 5:10 ਵਜੇ ਦੇ ਕਰੀਬ ਬਹਾਦਰ ਕੇ ਰੋਡ ਤੋਂ ਘਰ ਵਾਪਸ ਆ ਰਿਹਾ ਸੀ | ਜਿਵੇਂ ਹੀ ਉਹ ਪੁਲ 'ਤੇ ਪਹੁੰਚਿਆ ਤਾਂ ਦੂਜੇ ਪਾਸੇ ਤੋਂ ਇਕ ਮੋਟਰਸਾਈਕਲ ਸਵਾਰ ਨੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ | ਜਿਵੇਂ ਹੀ ਹਰਪ੍ਰੀਤ ਰੁਕਿਆ, ਬਦਮਾਸ਼ਾਂ ਨੇ ਉਸ ਦੇ ਮੋਟਰ ਸਾਈਕਲ ਦੀਆਂ ਚਾਬੀਆਂ ਖੋਹ ਲਈਆਂ | ਫਿਰ ਇਕ ਦੋਸ਼ੀ ਨੇ ਉਸ ਨੂੰ ਤੇਜ਼ਧਾਰ ਹਥਿਆਰ ਨਾਲ ਧਮਕੀ ਦਿੱਤੀ ਅਤੇ ਉਸਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ | ਹਰਪ੍ਰੀਤ ਅਨੁਸਾਰ ਲੁਟੇਰੇ ਉਸਦੀ ਜੇਬ ਵਿੱਚੋਂ 8,000 ਰੁਪਏ ਨਗਦ ਅਤੇ ਮੋਟਰ ਸਾਈਕਲ ਦੀਆਂ ਚਾਬੀਆਂ ਲੈ ਕੇ ਭੱਜ ਗਏ | ਉਸਨੇ ਰੌਲਾ ਪਾਇਆ ਜਿਸ ਤੇ ਉੱਥੇ ਲੋਕ ਇਕੱਠੇ ਹੋ ਗਏ ਪਰ ਇਹ ਲੁਟੇਰੇ ਉਥੋਂ ਫਰਾਰ ਹੋ ਚੁੱਕੇ ਸਨ, ਹਰਪ੍ਰੀਤ ਨੇ ਪੁਲਿਸ ਕੰਟਰੋਲ ਰੂਮ ਨੂੰ ਸੂਚਿਤ ਕੀਤਾ, ਜਿਸ ਨਾਲ ਪੀਸੀਆਰ ਟੀਮ ਮੌਕੇ 'ਤੇ ਪਹੁੰਚ ਗਈ | ਏਐਸਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਕੰਟਰੋਲ ਰੂਮ ਰਾਹੀਂ ਪ੍ਰਾਪਤ ਹੋਈ ਸੀ | ਪੁਲਿਸ ਨੇ ਘਟਨਾ ਸਥਾਨ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ | ਪਰ ਦੇਰ ਸ਼ਾਮ ਤੱਕ ਪੁਲਿਸ ਨੂੰ ਲੁਟੇਰਿਆਂ ਦਾ ਕੋਈ ਸੁਰਾਗ ਨਹੀਂ ਲੱਗਾ ਸੀ |