ਗੂਹਲਾ ਚੀਕਾ, 6 ਫਰਵਰੀ (ਓ.ਪੀ. ਸੈਣੀ)-ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਪਿੰਡ ਪੰਜੋਲਾ ਪਹੁੰਚਣ 'ਤੇ ਪੰਜਾਬ ਦੇ ਲੋਕਾਂ ਵਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ, ਜਿਥੇ ਮੁੱਖ ਮੰਤਰੀ ਸੈਣੀ ਤੇ ਭਾਜਪਾ ਦੇ ਹੋਰ ਸੀਨੀਅਰ ਆਗੂਆਂ ਦੀ ਹਾਜ਼ਰੀ 'ਚ ਪਿੰਡ ਦੇ ਕਈ ਵਾਸੀ ਭਾਜਪਾ 'ਚ ਸ਼ਾਮਿਲ ਹੋਏ | ਇਸ ਮੌਕੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਭਾਜਪਾ ਵਲੋਂ ਹਰਿਆਣਾ ਵਿਚ ਵੱਡੇ ਪੱਧਰ 'ਤੇ ਵਿਕਾਸ ਕਾਰਜ ਕੀਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਫੰਡ ਸਿੱਧੇ ਸਾਰੇ ਸੰਬੰਧਿਤ ਲੋਕਾਂ ਦੇ ਖਾਤਿਆਂ ਵਿਚ ਟਰਾਂਸਫ਼ਰ ਕੀਤੇ ਜਾਂਦੇ ਹਨ | ਇਸ ਤੋਂ ਇਲਾਵਾ ਹੈਪੀ ਕਾਰਡ ਯੋਜਨਾ ਤਹਿਤ ਇਕ ਲੱਖ ਰੁਪਏ ਤੋਂ ਘੱਟ ਆਮਦਨ ਵਾਲੇ ਪਰਿਵਾਰਾਂ ਨੂੰ 1,000 ਕਿਲੋਮੀਟਰ ਲਈ ਮੁਫ਼ਤ ਬੱਸ ਯਾਤਰਾ ਦੀ ਸਹੂਲਤ ਦਿੱਤੀ ਜਾ ਰਹੀ ਹੈ | ਹਰਿਆਣਾ ਵਿਚ ਨੌਜਵਾਨਾਂ ਨੂੰ ਬਿਨਾਂ ਕਿਸੇ ਪਰਚੀ ਬਿਨਾਂ ਖ਼ਰਚੀ ਦੇ ਨੌਕਰੀਆਂ ਦਿੱਤੀ ਜਾ ਰਹਿਆ ਹਨ | ਮੁੱਖ ਮੰਤਰੀ ਸੈਣੀ ਨੇ ਹਾਜ਼ਰ ਲੋਕਾਂ ਨੂੰ ਪ੍ਰਧਾਨ ਮੰਤਰੀ ਦੇ ਵਿਕਸਤ ਭਾਰਤ ਦੇ ਸੰਕਲਪ ਵਿਚ ਸਹਿਯੋਗ ਕਰਨ ਦਾ ਸੱਦਾ ਦਿੱਤਾ ਤਾਂ ਜੋ ਪੰਜਾਬ ਵੀ ਵਿਕਾਸ ਦੀ ਗਤੀ ਨੂੰ ਤੇਜ਼ ਕਰ ਸਕੇ ਅਤੇ ਇਕ ਮੋਹਰੀ ਸੂਬਾ ਬਣ ਸਕੇ | ਮੁੱਖ ਮੰਤਰੀ ਨੇ ਕਿਹਾ ਕਿ ਜਨਤਾ ਦੀਆਂ ਭਾਵਨਾਵਾਂ ਪ੍ਰਧਾਨ ਮੰਤਰੀ ਦੀ ਅਗਵਾਈ 'ਚ ਆਪਣਾ ਵਿਸ਼ਵਾਸ ਪ੍ਰਗਟ ਕਰ ਰਹੀਆਂ ਹਨ | ਇਸ ਮੌਕੇ ਸਾਬਕਾ ਸੰਸਦ ਮੈਂਬਰ ਪ੍ਰਨੀਤ ਕੌਰ, ਵਿਧਾਇਕ ਅਸ਼ਵਨੀ ਸ਼ਰਮਾ, ਅਸ਼ੋਕ ਗੁੱਜਰ, ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ, ਪੰਜੋਲਾ ਦੇ ਸਰਪੰਚ ਜਰਨੈਲ ਸਿੰਘ, ਪ੍ਰੋਗਰਾਮ ਪ੍ਰਬੰਧਕ ਸਤਪਾਲ ਪੂਨੀਆ, ਗੂਹਲਾ ਦੇ ਸਾਬਕਾ ਵਿਧਾਇਕ ਚੌਧਰੀ ਈਸ਼ਵਰ ਸਿੰਘ, ਸਾਬਕਾ ਵਿਧਾਇਕ ਕੁਲਵੰਤ ਬਾਜੀਗਰ, ਭਾਜਪਾ ਦੇ ਸੀਨੀਅਰ ਨੇਤਾ ਰਾਜੇਸ਼ ਸਰਮਾ ਪਿੰਟੂ, ਭਾਜਪਾ ਗੂਹਲਾ ਮੰਡਲ ਦੇ ਪ੍ਰਧਾਨ ਸੰਜੀਵ ਮਿੱਤਲ, ਨਗਰ ਕੌਂਸਲਰ ਚੀਕਾ ਕੁਲਦੀਪ ਪੰਚਾਲ, ਮਾਰਕੀਟ ਕਮੇਟੀ ਚੀਕਾ ਦੇ ਸਾਬਕਾ ਉਪ ਚੇਅਰਮੈਨ ਸਤ ਪ੍ਰਕਾਸ਼ ਗਰਗ, ਭਾਜਪਾ ਗੂਹਲਾ ਦੇ ਸੀਨੀਅਰ ਉਪ ਪ੍ਰਧਾਨ ਰਾਜਕੁਮਾਰ ਗਰਗ, ਨਸੀਬ ਖੇੜੀ ਸਮੇਤ ਕਈ ਪਤਵੰਤੇ ਮੌਜੂਦ ਸਨ |
ਪੰਜਾਬ 'ਚ ਭਾਜਪਾ ਦੀ ਸਰਕਾਰ ਆਉਣ 'ਤੇ ਹਰਿਆਣਾ ਵਰਗੀਆਂ ਸਹੂਲਤਾਂ ਮਿਲਣਗੀਆਂ-ਨਾਇਬ ਸਿੰਘ ਸੈਣੀ
ਅਜੀਤ ਡੈਸਕ
07-02-2026