ਸੁਪਰੀਮ ਕੋਰਟ ਵਲੋਂ ਸੰਜੇ ਕਪੂਰ ਵਿਰਾਸਤ ਵਿਵਾਦ ’ਚ ਵਿਚੋਲਗੀ ਪ੍ਰਕਿਰਿਆ ਖ਼ਤਮ
ਨਵੀਂ ਦਿੱਲੀ, 27 ਨਵੰਬਰ (ਏਜੰਸੀ)-ਸੁਪਰੀਮ ਕੋਰਟ ਨੇ ਮਰਹੂਮ ਉਦਯੋਗਪਤੀ ਸੰਜੇ ਕਪੂਰ ਦੇ ਪਰਿਵਾਰ ’ਚ ਵਿਰਾਸਤ ਵਿਵਾਦ ਨੂੰ ਸੁਲਝਾਉਣ ਲਈ ਚੱਲ ਰਹੀ ਵਿਚੋਲਗੀ ਪ੍ਰਕਿਰਿਆ ਨੂੰ ਬੰਦ ਕਰ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਸਮਝੌਤੇ ਦੀਆਂ ਕੋਸ਼ਿਸ਼ਾਂ ਇਕ ਅਜਿਹੇ ਮੋੜ ’ਤੇ ਪਹੁੰਚ ਗਈਆਂ ਹਨ ਜਿਥੇ ਕੋਈ ਹੱਲ ਨਿਕਲਣਾ ਸੰਭਵ ਨਹੀਂ ਜਾਪਦਾ ਅਤੇ ਹੁਣ ਧਿਰਾਂ ਨੂੰ ਕਾਨੂੰਨੀ ਲੜਾਈ ਲਈ ਤਿਆਰ ਰਹਿਣਾ ਪਵੇਗਾ।
ਨਵੀਂ ਦਿੱਲੀ, 27 ਨਵੰਬਰ (ਏਜੰਸੀ)-ਸੁਪਰੀਮ ਕੋਰਟ ਨੇ ਮਰਹੂਮ ਉਦਯੋਗਪਤੀ ਸੰਜੇ ਕਪੂਰ ਦੇ ਪਰਿਵਾਰ ’ਚ ਵਿਰਾਸਤ ਵਿਵਾਦ ਨੂੰ ਸੁਲਝਾਉਣ ਲਈ ਚੱਲ ਰਹੀ ਵਿਚੋਲਗੀ ਪ੍ਰਕਿਰਿਆ ਨੂੰ ਬੰਦ ਕਰ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਸਮਝੌਤੇ ਦੀਆਂ ਕੋਸ਼ਿਸ਼ਾਂ ਇਕ ਅਜਿਹੇ ਮੋੜ ’ਤੇ ਪਹੁੰਚ ਗਈਆਂ ਹਨ ਜਿਥੇ ਕੋਈ ਹੱਲ ਨਿਕਲਣਾ ਸੰਭਵ ਨਹੀਂ ਜਾਪਦਾ ਅਤੇ ਹੁਣ ਧਿਰਾਂ ਨੂੰ ਕਾਨੂੰਨੀ ਲੜਾਈ ਲਈ ਤਿਆਰ ਰਹਿਣਾ ਪਵੇਗਾ। ਜਸਟਿਸ ਜੇ. ਬੀ. ਪਾਰਦੀਵਾਲਾ ਅਤੇ ਜਸਟਿਸ ਕੇ. ਵਿਨੋਦ ਚੰਦਰਨ ਦੇ ਬੈਂਚ ਨੇ ਸਾਬਕਾ ਚੀਫ਼ ਜਸਟਿਸ ਡੀ. ਵਾਈ. ਚੰਦਰਚੂੜ ਦੁਆਰਾ ਪੇਸ਼ ਕੀਤੀ ਗਈ ਰਿਪੋਰਟ ਦਾ ਨੋਟਿਸ ਲਿਆ। ਜਸਟਿਸ ਚੰਦਰਚੂੜ ਨੂੰ ਅਦਾਲਤ ਨੇ ਮਈ ਵਿਚ ਵਿਚੋਲੀਏ ਵਜੋਂ ਨਿਯੁਕਤ ਕੀਤਾ ਸੀ। ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਸੰਜੇ ਕਪੂਰ ਦੀ ਮਾਤਾ, ਰਾਣੀ ਕਪੂਰ ਦੇ ਦਾਅਵਿਆਂ ਨੂੰ ਸੁਲਝਾਉਣ ਦੀਆਂ ਕੋਸ਼ਿਸ਼ਾਂ, 15 ਦੌਰ ਦੀਆਂ ਬੈਠਕਾਂ ਦੇ ਬਾਵਜੂਦ ਕਿਸੇ ਨਤੀਜੇ ’ਤੇ ਨਹੀਂ ਪਹੁੰਚ ਸਕੀਆਂ। ਵਿਚੋਲਗੀ ਦੀ ਕਾਰਵਾਈ ਨੂੰ ਰਸਮੀ ਤੌਰ ’ਤੇ ਬੰਦ ਕਰਦੇ ਹੋਏ ਬੈਂਚ ਨੇ ਕਿਹਾ ਕਿ ਕਿਸੇ ਨੂੰ ਵੀ ਸਮਝੌਤਾ ਕਰਨ ਲਈ ਮਜ਼ਬੂਰ ਨਹੀਂ ਕੀਤਾ ਜਾ ਸਕਦਾ। ਜਸਟਿਸ ਪਾਰਦੀਵਾਲਾ ਨੇ ਕਿਹਾ ਕਿ ਜਲਦ ਹੀ ਇਕ ਹੁਕਮ ਜਾਰੀ ਕੀਤਾ ਜਾਵੇਗਾ, ਜਿਸ ’ਚ ਦਿੱਲੀ ਹਾਈ ਕੋਰਟ ਨੂੰ ਅਪੀਲ ਕੀਤੀ ਜਾਵੇਗੀ ਕਿ ਉਹ ‘ਪਰਿਵਾਰਕ ਟਰੱਸਟ’ ਦੀਆਂ ਜਾਇਦਾਦਾਂ ਦੀ ਸੁਰੱਖਿਆ ਅਤੇ ਸੰਭਾਲ ਲਈ ਦਾਇਰ ਕੀਤੀ ਗਈ ਇਕ ਅੰਤਰਿਮ ਅਰਜ਼ੀ ’ਤੇ ਤੁਰੰਤ ਵਿਚਾਰ ਕਰੇ।