ਲੁਧਿਆਣਾ, 22 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਥਾਣਾ ਪੀਏਯੂ ਦੀ ਪੁਲਿਸ ਨੇ ਖਤਰਨਾਕ ਲੁਟੇਰਾ ਗਿਰੋਹ ਦੇ ਦੋ ਮੈਂਬਰਾਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਭਾਰੀ ਮਾਤਰਾ ਵਿਚ ਸਮਾਨ ਅਤੇ ਦੋ ਮੋਟਰਸਾਈਕਲ ਬਰਾਮਦ ਕੀਤੇ ਹਨ | ਪੁਲਿਸ ਵੱਲੋਂ ਇਹ ਕਾਰਵਾਈ ਥਾਣਾ ਪੀਏਯੂ ਦੇ ਐਸਐਚਓ ਰਜਿੰਦਰ ਪਾਲ ਦੀ ਅਗਵਾਈ ਹੇਠਲੀ ਪੁਲਿਸ ਪਾਰਟੀ ਨੇ ਅਮਲ ਵਿਚ ਲਿਆਂਦੀ ਹੈ ਅਤੇ ਕਾਬੂ ਕੀਤੇ ਗਏ ਕਥਿਤ ਦੋਸ਼ੀਆਂ ਵਿਚ ਨਵਜੋਤ ਸਿੰਘ ਉਰਫ਼ ਜੋਤ ਪੁੱਤਰ ਸਤਨਾਮ ਸਿੰਘ ਵਾਸੀ ਬਾਬਾ ਜੀਵਨ ਸਿੰਘ ਨਗਰ ਤਾਜਪੁਰ ਰੋਡ, ਹਰਨੇਕ ਸਿੰਘ ਉਰਫ ਨੇਕਾ ਪੁੱਤਰ ਉਕਾਰ ਸਿੰਘ ਵਾਸੀ ਅਸ਼ੋਕ ਨਗਰ ਖਜੂਰ ਚੌਂਕ ਥਾਣਾ ਸਲੇਮ ਟਾਬਰੀ ਸ਼ਾਮਿਲ ਹਨ | ਉਨ੍ਹਾਂ ਦੱਸਿਆ ਕਿ ਉਕਤ ਕਥਿਤ ਦੋਸ਼ੀ ਅੱਜ ਕੱਲ੍ਹ ਪੀਏਯੂ ਦੇ ਇਲਾਕੇ ਵਿਚ ਸਰਗਰਮ ਸਨ ਅਤੇ ਲੁੱਟ ਖੋਹ ਦੀਆਂ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਸਨ | ਬੀਤੇ ਦਿਨ ਵੀ ਇਹਨਾਂ ਨੇ ਇੱਕ ਨੌਜਵਾਨ ਵਿਕਾਸ ਕੁਮਾਰ ਦੀ ਕੁੱਟਮਾਰ ਕਰਨ ਉਪਰੰਤ ਉਸਦਾ ਮੋਟਰਸਾਈਕਲ ਖੋਹ ਲਿਆ ਸੀ ਅਤੇ ਫਰਾਰ ਹੋ ਗਏ ਸਨ | ਪੁਲਿਸ ਵੱਲੋਂ ਇਸ ਸਬੰਧੀ ਵਿਕਾਸ ਕੁਮਾਰ ਦੀ ਸ਼ਿਕਾਇਤ ਤੇ ਪਹਿਲਾਂ ਹੀ ਕੇਸ ਦਰਜ ਕੀਤਾ ਹੋਇਆ ਹੈ | ਪੁਲਿਸ ਵੱਲੋਂ ਇਹਨਾਂ ਪਾਸੋਂ ਹੋਰ ਵੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਅਤੇ ਕਈ ਹੋਰ ਪ੍ਰਗਟਾਵੇ ਆਉਣ ਦੀ ਸੰਭਾਵਨਾ ਹੈ | ਇਹਨਾਂ ਦਾ ਇੱਕ ਸਾਥੀ ਅਜੇ ਫਰਾਰ ਦੱਸਿਆ ਜਾਂਦਾ ਹੈ ਪੁਲਿਸ ਉਸਦੀ ਭਾਲ ਕਰ ਰਹੀ ਹੈ |