ਲੁਧਿਆਣਾ, 22 ਫਰਵਰੀ (ਡਾ. ਤਰਲੋਚਨ ਸਿੰਘ)-ਅੱਜ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਅਤੇ ਆਗੂਆਂ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਲੁਧਿਆਣਾ ਵਿਚ ਕਾਲੇ ਝੰਡਿਆਂ ਨਾਲ ਸਵਾਗਤ ਕੀਤਾ | ''ਪੂਰਵਾਂਚਲ ਸਨਮਾਨ ਰੈਲੀU ਵਿਚ ਸ਼ਾਮਿਲ ਹੋਣ ਆਏ ਸੈਣੀ ਦਾ ਕਾਫ਼ਲਾ ਜਿਵੇਂ ਹੀ ਧੂਰੀ ਲਾਈਨ ਰੇਲਵੇ ਓਵਰ ਬਿ੍ਜ ਉੱਤਰਿਆ, 'ਆਪ' ਵਰਕਰਾਂ ਨੇ ਉਨ੍ਹਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਕਾਲੇ ਝੰਡੇ ਦਿਖਾ ਕੇ ਪੰਜਾਬ ਪ੍ਰਤੀ ਭਾਜਪਾ ਦੀਆਂ ਵਿਤਕਰੇ ਭਰੀਆਂ ਨੀਤੀਆਂ ਦਾ ਰੋਸ ਪ੍ਰਗਟਾਇਆ | ਆਤਮ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਪ੍ਰਦਰਸ਼ਨ ਦੀ ਅਗਵਾਈ ਕਰਦਿਆਂ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਅੱਜ ਇਸ ਲਈ ਵਿਰੋਧ ਕਰ ਰਹੇ ਹਾਂ, ਕਿਉਂਕਿ ਭਾਜਪਾ ਨੇ ਹਮੇਸ਼ਾ ਪੰਜਾਬ ਵਿਰੋਧੀ ਸਟੈਂਡ ਅਪਣਾਇਆ ਹੈ | ਇਸ ਮੌਕੇ 'ਆਪ' ਦੇ ਲੋਕ ਸਭਾ ਇੰਚਾਰਜ ਸ਼ਰਨਪਾਲ ਸਿੰਘ ਮੱਕੜ ਨੇ ਕਿਹਾ ਕਿ ਪੰਜਾਬ ਦੇ ਲੋਕ ਭਾਜਪਾ ਦੇ ਝੂਠੇ ਪ੍ਰਚਾਰ ਤੋਂ ਚੰਗੀ ਤਰ੍ਹਾਂ ਵਾਕਫ਼ ਹਨ | ਪ੍ਰਦਰਸ਼ਨ ਦੌਰਾਨ 'ਆਪ' ਦੇ ਜ਼ਿਲ੍ਹਾ ਪ੍ਰਧਾਨ ਜਤਿੰਦਰ ਖੰਗੂੜਾ ਨੇ ਅੰਕੜੇ ਪੇਸ਼ ਕਰਦਿਆਂ ਭਾਜਪਾ 'ਤੇ ਪਲਟਵਾਰ ਕੀਤਾ | ਉਨ੍ਹਾਂ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਨੂੰ ਪੰਜਾਬ ਨੂੰ ਲੈਕਚਰ ਦੇਣ ਤੋਂ ਪਹਿਲਾਂ ਆਪਣੇ ਸੂਬੇ ਦੇ ਹਾਲਾਤ 'ਤੇ ਨਜ਼ਰ ਮਾਰਨੀ ਚਾਹੀਦੀ ਹੈ | 'ਆਪ' ਆਗੂਆਂ ਦਾ ਕਹਿਣਾ ਸੀ ਕਿ ਹਰਿਆਣਾ ਸਰਕਾਰ ਨੂੰ ਪੰਜਾਬ ਵਿਚ ਸਿਆਸੀ ਲਾਹਾ ਲੈਣ ਦੀ ਬਜਾਏ ਆਪਣੇ ਸੂਬੇ ਦੀਆਂ ਗੰਭੀਰ ਸਮੱਸਿਆਵਾਂ ਨੂੰ ਹੱਲ ਕਰਨਾ ਚਾਹੀਦਾ ਹੈ | ਇਸ ਪ੍ਰਦਰਸ਼ਨ ਵਿਚ ਸੀਨੀਅਰ ਡਿਪਟੀ ਮੇਅਰ ਰਕੇਸ਼ ਪਰਾਸ਼ਰ, ਨਿਧੀ ਗੁਪਤਾ, ਅਜਿੰਦਰ ਪਾਲ ਕੌਰ, ਮਨੀਸ਼ਾ ਕਪੂਰ ਅਤੇ ਉਨ੍ਹਾਂ ਦੀ ਟੀਮ ਯੂਥ ਵਿੰਗ ਦੇ ਪ੍ਰਧਾਨ ਅਮਰਿੰਦਰ ਸਿੰਘ ਐਮ.ਪੀ. ਜਵੱਦੀ ਅਤੇ ਉਨ੍ਹਾਂ ਦੀ ਟੀਮ, ਐਸ.ਸੀ. ਵਿੰਗ ਦੇ ਪ੍ਰਧਾਨ ਕਪਿਲ ਸਿੱਧੂ ਅਤੇ ਉਨ੍ਹਾਂ ਦੀ ਟੀਮ, ਬੀ.ਸੀ. ਵਿੰਗ ਦੇ ਪ੍ਰਧਾਨ ਵਿਜੇ ਸਿੰਘ ਅਤੇ ਉਨ੍ਹਾਂ ਦੀ ਟੀਮ ਅਤੇ ਸੈਂਕੜੇ ਹੋਰ ਵਲੰਟੀਅਰ ਸਾਥੀ ਹਾਜ਼ਰ ਸਨ |