ਲੁਧਿਆਣਾ, 24 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਿਵੀਜ਼ਨ ਨੰਬਰ ਚਾਰ ਦੇ ਘੇਰੇ ਅੰਦਰ ਪੈਂਦੇ ਇਲਾਕੇ ਸੈਦਾ ਚੌਕ ਵਿਚ ਅੱਜ ਦਿਨ ਦਿਹਾੜੇ ਲੁੱਟ ਵਿਚ ਨਾਕਾਮ ਹੋਏ ਲੁਟੇਰੇ ਹੌਜ਼ਰੀ ਕਾਰੋਬਾਰੀ ਨੂੰ ਜ਼ਖਮੀ ਕਰਕੇ ਫ਼ਰਾਰ ਹੋ ਗਏ | ਰੋਹ ਵਿਚ ਆਏ ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾਂ ਬੰਦ ਕਰਕੇ ਪੁਲਿਸ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ਕਾਰਨ ਉੱਥੇ ਸਥਿਤੀ ਤਣਾਅਪੂਰਨ ਹੋ ਗਈ | ਇਹ ਸਾਰੀ ਘਟਨਾ ਸੀ.ਸੀ. ਟੀਵੀ ਕੈਮਰੇ ਵਿਚ ਕੈਦ ਹੋ ਗਈ, ਜਿਸ ਆਧਾਰ 'ਤੇ ਪੁਲਿਸ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ | ਘਟਨਾ ਅੱਜ ਦੁਪਹਿਰ ਉਸ ਵਕਤ ਵਾਪਰੀ, ਜਦੋਂ ਹੌਜ਼ਰੀ ਕਾਰੋਬਾਰੀ ਸੁਨੀਲ ਕੁਮਾਰ ਆਪਣੇ ਐਕਟੀਵਾ ਸਕੂਟਰ 'ਤੇ ਚੌਕ ਸੈਦਾ ਨੇੜੇ ਜਾ ਰਿਹਾ ਸੀ ਤਾਂ ਉਸ ਦੇ ਪਿੱਛੇ ਆ ਰਹੇ ਤਿੰਨ ਐਕਟੀਵਾ ਸਵਾਰ ਲੁਟੇਰਿਆਂ ਨੇ ਉਸ ਨੂੰ ਰੋਕ ਲਿਆ | ਉਨ੍ਹਾਂ ਨੇ ਸੁਨੀਲ ਕੁਮਾਰ ਪਾਸੋਂ ਨਗਦੀ ਦੀ ਮੰਗ ਕੀਤੀ, ਜਦੋਂ ਸੁਨੀਲ ਕੁਮਾਰ ਨੇ ਅਜਿਹਾ ਕਰਨ ਤੋਂ ਇਨਕਾਰ ਕੀਤਾ ਤਾਂ ਲੁਟੇਰਿਆਂ ਨੇ ਆਪਣੇ ਪਾਸ ਰੱਖਿਆ ਬਰਫ ਦਾ ਸੂਆ ਕੱਢ ਲਿਆ ਤੇ ਕਾਰੋਬਾਰੀ 'ਤੇ ਹਮਲਾ ਕਰ ਦਿੱਤਾ | ਕਾਰੋਬਾਰੀ ਵਲੋਂ ਦਲੇਰੀ ਦਿਖਾਉਂਦਿਆਂ ਰੋਲਾ ਪਾਉਣਾ ਸ਼ੁਰੂ ਕਰ ਦਿੱਤਾ, ਜਿਸ 'ਤੇ ਉੱਥੇ ਲੋਕ ਇਕੱਠੇ ਹੋ ਗਏ ਅਤੇ ਇਹ ਲੁਟੇਰੇ ਉਥੋਂ ਫ਼ਰਾਰ ਹੋ ਗਏ | ਲੁਟੇਰਿਆਂ ਵਲੋਂ ਕੀਤੇ ਹਮਲੇ ਵਿਚ ਕਾਰੋਬਾਰੀ ਜ਼ਖਮੀ ਹੋ ਗਿਆ | ਸੂਚਨਾ ਮਿਲਦੇ ਬਾਜ਼ਾਰ ਦੇ ਦੁਕਾਨਦਾਰ ਇਕੱਠੇ ਹੋ ਗਏ, ਜਿਨ੍ਹਾਂ ਨੇ ਪੁਲਿਸ ਦੀ ਕਾਰਗੁਜ਼ਾਰੀ ਪ੍ਰਤੀ ਆਪਣਾ ਰੋਸ ਪ੍ਰਗਟ ਕਰਦਿਆਂ ਕੁੱਝ ਦੇਰ ਪ੍ਰਦਰਸ਼ਨ ਵੀ ਕੀਤਾ | ਸੂਚਨਾ ਮਿਲਦੇ ਥਾਣਾ ਡਿਵੀਜ਼ਨ ਨੰਬਰ ਚਾਰ ਦੇ ਐਸ. ਐਚ. ਓ. ਗੁਰਜੀਤ ਸਿੰਘ ਮੌਕੇ 'ਤੇ ਪਹੁੰਚੇ | ਪੁਲਿਸ ਵਲੋਂ ਸੀ.ਸੀ. ਟੀਵੀ ਕੈਮਰੇ ਦੀ ਫੁਟੇਜ਼ ਕਬਜ਼ੇ ਵਿਚ ਲੈ ਲਈ ਹੈ ਤੇ ਲੁਟੇਰਿਆਂ ਦੀ ਸ਼ਨਾਖਤ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਐਸ.ਐਚ.ਓ. ਗੁਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਇਸ ਸਬੰਧੀ ਕੇਸ ਦਰਜ ਕਰ ਲਿਆ ਗਿਆ ਹੈ ਤੇ ਇਸ ਮਾਮਲੇ ਨੂੰ ਜਲਦ ਹੱਲ ਕਰ ਲਿਆ ਜਾਵੇਗਾ |