ਆਲਮਗੀਰ, 24 ਫਰਵਰੀ (ਜਰਨੈਲ ਸਿੰਘ ਪੱਟੀ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਸਥਾਨਕ ਇਤਿਹਾਸਿਕ ਅਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਪਾਤਸ਼ਾਹੀ ਦਸਵੀਂ ਆਲਮਗੀਰ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ | ਅੰਮਿ੍ਤ ਵੇਲੇ ਤੋਂ ਸਾਰਾ ਦਿਨ ਚਲੇ ਕੀਰਤਨ ਦਰਬਾਰ ਦੌਰਾਨ ਰਾਗੀ, ਢਾਡੀ, ਕੀਰਤਨੀ ਅਤੇ ਕਵੀਸ਼ਰੀ ਜਥਿਆਂ ਨੇ ਅੰਮਿ੍ਤਮਈ ਗੁਰਬਾਣੀ ਦੀ ਵਰਖਾ ਕਰਕੇ ਸੰਗਤ ਦੇ ਤਪਦੇ ਹਿਰਦਿਆਂ ਨੂੰ ਠਾਰਿਆ | ਸਮਾਗਮ ਦੌਰਾਨ ਹਲਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਚਰਨ ਸਿੰਘ ਆਲਮਗੀਰ ਨੇ ਵੱਡੀ ਗਿਣਤੀ ਵਿਚ ਜੁੜ ਬੈਠੀ ਸੰਗਤ ਨੂੰ ਅਪੀਲ ਕਰਦਿਆਂ ਕਿਹਾ ਕਿ ਸਮੂਹ ਸੰਗਤਾਂ ਸੰਪੂਰਨ ਗੁਰਸਿੱਖੀ ਵਾਲਾ ਜੀਵਨ ਅਪਣਾ ਕੇ ਸਿੱਖੀ ਸਿਧਾਂਤਾਂ ਅਨੁਸਾਰ ਜੀਵਨ ਬਤੀਤ ਕਰਦਿਆਂ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦੇ ਸਿਧਾਂਤ ਨੂੰ ਅਪਣਾਉਣ | ਉਪਰੰਤ ਸੁਖਮਣੀ ਸਾਹਿਬ ਸੇਵਾ ਸੁਸਾਇਟੀ ਬੀਬੀਆਂ ਦੇ ਜਥੇ ਵਲੋਂ ਸ੍ਰੀ ਸੁਖਮਣੀ ਸਾਹਿਬ ਜੀ ਦੇ ਜਾਪ ਕੀਤੇ ਗਏ | ਗ੍ਰੰਥੀ ਭਾਈ ਬਘੇਲ ਸਿੰਘ ਨੇ ਗੁਰਬਾਣੀ ਸ਼ਬਦਾਂ ਰਾਹੀਂ ਵਿਚਾਰਾਂ ਦੀ ਸਾਂਝ ਪਾਉਂਦਿਆਂ ਦੱਸਿਆ ਕਿ ਸੇਵਾ ਅਤੇ ਸਿਮਰਨ ਗੁਰਸਿੱਖੀ ਦੇ ਮੁੱਢਲੇ ਸਿਧਾਂਤ ਹਨ ਪ੍ਰੰਤੂ ਕਲਯੁਗ ਦੇ ਪਹਿਰ ਅੰਦਰ ਇਨਸਾਨ ਮਾਇਆ ਦੇ ਲਾਲਚ ਵੱਸ ਸੇਵਾ ਅਤੇ ਸਿਮਰਨ ਤੋਂ ਦੂਰ ਹੋ ਕੇ ਦੁੱਖਾਂ ਦਾ ਭਾਗੀ ਬਣਦਾ ਹੈ | ਗੁਰਦੁਆਰਾ ਮੈਨੇਜਰ ਹਰਦੀਪ ਸਿੰਘ ਗਿੱਲ ਚੁਗਾਵਾਂ, ਐਡੀਸ਼ਨਲ ਮੈਨੇਜਰ ਭੁਪਿੰਦਰ ਸਿੰਘ ਜੋਸ਼ੀ ਮੁੱਖ ਗ੍ਰੰਥੀ ਭਾਈ ਬਲਵਿੰਦਰ ਸਿੰਘ ਆਲਮਗੀਰ ਨੇ ਰਾਗੀ ਢਾਡੀ ਤੇ ਕੀਰਤਨੀ ਜਥਿਆਂ ਨੂੰ ਗੁਰੂ ਘਰ ਦੀ ਦਾਤ ਸਿਰੋਪਾਉ ਬਖਸ਼ਿਸ਼ ਕੀਤੇ | ਸਮਾਗਮ ਦੌਰਾਨ ਸੇਵਾਦਾਰਾਂ ਨੇ ਆਪਣੀਆਂ ਸੇਵਾਵਾਂ ਨੂੰ ਬਾਖੂਬੀ ਅੰਜਾਮ ਦਿੱਤਾ | ਇਸ ਮੌਕੇ ਜਥੇਦਾਰ ਹਰਪਿੰਦਰ ਸਿੰਘ ਭਿੰਦਾ ਮੁਖੀ ਡੇਰਾ ਕਾਰ ਸੇਵਾ ਆਲਮਗੀਰ, ਗੁਰਦੀਪ ਸਿੰਘ ਰਾਜੂ ਆਲਮਗੀਰ, ਤਲਵਿੰਦਰ ਸਿੰਘ ਮੁਲਤਾਨੀ, ਹਰਿੰਦਰ ਸਿੰਘ ਜੱਸੋਵਾਲ, ਮਨਪ੍ਰੀਤ ਸਿੰਘ ਮਨੀ ਖੱਟੜਾ, ਅਮਨਦੀਪ ਸਿੰਘ, ਰਵਿੰਦਰ ਸਿੰਘ, ਸਿਕੰਦਰ ਸਿੰਘ ਚੁਬਕੀ, ਮਨਮੋਹਨ ਸਿੰਘ ਮੋਹਣਾ, ਜਸਬੀਰ ਸਿੰਘ ਬਾਦਲ, ਰਾਮਸ਼ਰਨ ਸਿੰਘ ਸ਼ਰਨਾ, ਹਰਪ੍ਰੀਤ ਸਿੰਘ ਸਮੇਤ ਵੱਡੀ ਗਿਣਤੀ ਵਿਚ ਸੰਗਤ ਅਤੇ ਸੇਵਾਦਾਰਾਂ ਨੇ ਗੁਰੂ ਘਰ ਨਤਮਸਤਕ ਹੋ ਕੇ ਜੀਵਨ ਸਫਲਾ ਕੀਤਾ |