ਮੱਖੂ, 24 ਫਰਵਰੀ (ਵਰਿੰਦਰ ਮਨਚੰਦਾ/ਕੁਲਵਿੰਦਰ ਸਿੰਘ ਸੰਧੂ)-ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ 25 ਫਰਵਰੀ ਨੂੰ ਮੱਖੂ ਆਮਦ 'ਤੇ ਸਮਾਗਮ ਦੀਆਂ ਤਿਆਰੀਆਂ ਤੇ ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ ਹਲਕਾ ਜ਼ੀਰਾ ਦੇ ਵਿਧਾਇਕ ਨਰੇਸ਼ ਕਟਾਰੀਆ ਤੇ ਜ਼ਿਲ੍ਹਾ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਮੱਖੂ ਖੇਡ ਸਟੇਡੀਅਮ ਤੇ ਦਾਣਾ ਮੰਡੀ ਮੱਖੂ ਦੀ ਜਗ੍ਹਾ ਦਾ ਜਾਇਜ਼ਾ ਲਿਆ ਗਿਆ | ਇਸ ਸੰਬੰਧੀ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਦੀਪਸ਼ਿਖਾ ਸ਼ਰਮਾ ਨੇ ਦੱਸਿਆ ਕਿ ਮੱਖੂ ਨਜ਼ਦੀਕ ਹਰੀਕੇ ਹੈੱਡ ਤੋਂ ਨਿਕਲਦੀ ਸਰਹੱਦ ਫੀਡਰ ਨਹਿਰ, ਜਿਸ ਦੇ ਨਵੀਨੀਕਰਨ ਦਾ ਪ੍ਰਾਜੈਕਟ ਪਿਛਲੇ ਦਿਨਾਂ ਤੋਂ ਚੱਲ ਰਿਹਾ ਸੀ, ਉਸ ਦੇ ਉਦਘਾਟਨ ਲਈ ਮੁੱਖ ਮੰਤਰੀ ਪੰਜਾਬ 25 ਫਰਵਰੀ ਨੂੰ ਕਰੀਬ 1 ਵਜੇ ਮੱਖੂ ਨਜ਼ਦੀਕ ਪੱਧਰੀ ਵਾਲਾ ਮੋੜ 'ਤੇ ਸਰਹੰਦ ਫੀਡਰ 'ਤੇ ਪਹੁੰਚ ਰਹੇ ਹਨ | ਉਦਘਾਟਨ ਉਪਰੰਤ ਇਕ ਸਮਾਗਮ ਦਾਣਾ ਮੰਡੀ ਮੱਖੂ ਵਿਖੇ ਹੋਵੇਗਾ, ਜਿਸ ਦੀ ਤਿਆਰੀਆਂ ਤੇ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਸਮਾਗਮ ਵਾਲੀ ਜਗ੍ਹਾ 'ਤੇ ਹੈਲੀਪੈਡ ਵਾਲੀ ਜਗ੍ਹਾ ਖੇਡ ਸਟੇਡੀਅਮ ਮੱਖੂ ਦਾ ਜਾਇਜ਼ਾ ਲਿਆ ਗਿਆ ਹੈ | ਇਸ ਮੌਕੇ ਵਿਧਾਇਕ ਨਰੇਸ਼ ਕਟਾਰੀਆ, ਸੀਨੀਅਰ ਪੁਲਿਸ ਕਪਤਾਨ ਭੁਪਿੰਦਰ ਸਿੰਘ ਸਿੱਧੂ, ਏ. ਡੀ. ਸੀ. ਫ਼ਿਰੋਜ਼ਪੁਰ, ਨਰਿੰਦਰ ਮੋਹਨ ਕਟਾਰੀਆ ਪ੍ਰਧਾਨ ਨਗਰ ਪੰਚਾਇਤ ਮੱਖੂ, ਜ਼ੀਰਾ ਦੇ ਡੀ. ਐੱਸ. ਪੀ. ਆਦਿ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀ ਹਾਜ਼ਰ ਸਨ |