ਮਮਦੋਟ, 24 ਫਰਵਰੀ (ਰਾਜਿੰਦਰ ਸਿੰਘ ਹਾਂਡਾ)-ਬੀਤੀ ਰਾਤ ਮਮਦੋਟ-ਫ਼ਿਰੋਜ਼ਪੁਰ ਸੜਕ 'ਤੇ ਸਥਿਤ ਪੈਟਰੋਲ ਪੰਪ ਦੇ ਨਜ਼ਦੀਕ ਆਪਣੇ ਘਰ ਜਾ ਰਹੀਆਂ ਮਾਵਾਂ ਧੀਆਂ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਉਨ੍ਹਾਂ ਨੂੰ ਜ਼ਖ਼ਮੀ ਕਰ ਦਿੱਤਾ ਗਿਆ ਸੀ | ਜਿਸ ਤੋਂ ਬਾਅਦ ਉਨ੍ਹਾਂ ਨੂੰ ਜ਼ਖ਼ਮੀ ਹਾਲਤ 'ਚ ਪਹਿਲਾਂ ਸਿਵਲ ਹਸਪਤਾਲ ਮਮਦੋਟ ਲਿਜਾਇਆ ਗਿਆ, ਜਿੱਥੋਂ ਹਾਲਤ ਗੰਭੀਰ ਵੇਖਦਿਆਂ ਅੱਗੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ ਭੇਜ ਦਿੱਤਾ ਗਿਆ | ਜ਼ਖ਼ਮੀ ਹੋਈਆਂ ਔਰਤਾਂ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਵੀਨਾ ਤੇ ਉਸ ਦੀ ਲੜਕੀ ਸੁਸ਼ੀਲ ਜੋ ਕਿ ਪੈਟਰੋਲ ਪੰਪ ਅਤੇ ਨਾਲ ਹੋਰ ਕਾਰੋਬਾਰੀ ਅਦਾਰਿਆਂ ਵਿਚ ਕੰਮ ਕਰਕੇ ਕਰਮਚਾਰੀਆਂ ਦੀ ਰੋਟੀ ਬਣਾ ਕੇ ਰੋਜ਼ਾਨਾ ਦੀ ਤਰ੍ਹਾਂ ਰਾਤ ਸਮੇਂ ਆਪਣੇ ਘਰ ਪੈਦਲ ਜਾ ਰਹੀਆਂ ਸਨ, ਜਦੋਂ ਉਹ ਪੈਟਰੋਲ ਪੰਪ ਤਾੋ ਥੋੜਾ ਅੱਗੇ ਪਹੁੰਚੀਆਂ ਤਾਂ ਇਕ ਵਿਅਕਤੀ ਵਲੋਂ ਤੇਜ਼ਧਾਰ ਹਥਿਆਰ ਨਾਲ ਉਨ੍ਹਾਂ 'ਤੇ ਹਮਲਾ ਕਰ ਦਿੱਤਾ ਗਿਆ | ਚੀਕ ਚਿਹਾੜਾ ਸੁਣ ਕੇ ਨਜ਼ਦੀਕੀ ਦੁਕਾਨਦਾਰਾਂ ਤੇ ਰਾਹਗੀਰਾਂ ਵਲੋਂ ਔਰਤਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਤੋਂ ਬਾਅਦ ਹਮਲਾਵਰ ਉਥੋਂ ਆਪਣੇ ਹਥਿਆਰ ਸਮੇਤ ਫ਼ਰਾਰ ਹੋ ਗਿਆ | ਪਰਿਵਾਰਕ ਮੈਂਬਰਾਂ ਅਨੁਸਾਰ ਸੁਸ਼ੀਲ ਜੋ ਕਿ ਪਿੰਡ ਝੋਕ ਹਰੀਹਰ ਵਿਖੇ ਮਨਪ੍ਰੀਤ ਨਾਲ ਵਿਆਹੀ ਹੋਈ ਸੀ ਤੇ ਆਪਣੇ ਪਤੀ ਨਾਲ ਅਣਬਣ ਦੇ ਚੱਲਦਿਆਂ ਹੁਣ ਆਪਣੇ ਪੇਕੇ ਘਰ ਆਪਣੀ ਮਾਂ ਕੋਲ ਰਹਿ ਰਹੀ ਸੀ, ਅਣਬਣ ਕਾਰਨ ਗੁੱਸੇ 'ਚ ਆਏ ਉਸ ਦੇ ਪਤੀ ਮਨਪ੍ਰੀਤ ਵਲੋਂ ਹੀ ਤੇਜ਼ਧਾਰ ਹਥਿਆਰ ਨਾਲ ਦੋਵਾਂ ਮਾਂਵਾਂ ਧੀਆਂ 'ਤੇ ਹਮਲਾ ਕਰਕੇ ਜ਼ਖ਼ਮੀ ਕੀਤਾ ਗਿਆ ਹੈ | ਓਧਰ ਥਾਣਾ ਮਮਦੋਟ ਦੀ ਪੁਲਿਸ ਵਲੋਂ ਮਾਮਲੇ ਸੰਬੰਧੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ |