ਲੁਧਿਆਣਾ, 7 ਮਾਰਚ (ਭੁਪਿੰਦਰ ਸਿੰਘ ਬੈਂਸ)-ਸਰਕਾਰੀ ਸਕੂਲਜ਼ ਲੈਬਾਰਟਰੀ ਸਟਾਫ਼ ਯੂਨੀਅਨ ਦੀ ਮੀਟਿੰਗ ਸੂਬਾ ਪ੍ਰਧਾਨ ਪਤਵੰਤ ਸਿੰਘ ਦੀ ਅਗਵਾਈ ਹੇਠ ਹੋਈ | ਮੀਟਿੰਗ ਦੌਰਾਨ ਆਗੂਆਂ ਨੇ ਦੱਸਿਆ ਕਿ ਸਰਕਾਰ ਵਲੋਂ ਪਿਛਲੇ ਚਾਰ ਸਾਲਾਂ ਦੌਰਾਨ ਜਥੇਬੰਦੀ ਨਾਲ ਕੋਈ ਮੀਟਿੰਗ ਨਹੀਂ ਕੀਤੀ ਗਈ, ਜਿਸ ਕਾਰਨ ਕਰਮਚਾਰੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਸੂਬਾ ਪ੍ਰਧਾਨ ਪਤਵੰਤ ਸਿੰਘ ਨੇ ਕਿਹਾ ਕਿ ਸਾਲ 2011 ਤੋਂ ਐਸ.ਐਲ.ਏ. ਕਰਮਚਾਰੀਆਂ ਦੀ ਪੈਰਿਟੀ ਟੁੱਟ ਗਈ ਹੈ ਅਤੇ ਕਰਮਚਾਰੀ ਹੋਰ ਬਰਾਬਰ ਦੇ ਕੇਡਰਾਂ ਨਾਲੋਂ ਲਗਭਗ 73 ਫ਼ੀਸਦੀ ਘੱਟ ਤਨਖ਼ਾਹ ਲੈ ਰਹੇ ਹਨ | ਇਸ ਨਾਲ ਮਹਿੰਗਾਈ ਦੇ ਦੌਰ ਵਿਚ ਗੁਜ਼ਾਰਾ ਕਰਨਾ ਔਖਾ ਹੋ ਗਿਆ ਹੈ | ਜਥੇਬੰਦੀ ਦੇ ਮੁੱਖ ਬੁਲਾਰੇ ਹਰਜੀਤ ਸਿੰਘ ਬਰਾੜ ਨੇ ਦੱਸਿਆ ਕਿ ਜਥੇਬੰਦੀ ਵਲੋਂ ਅਸਾਮੀ ਦਾ ਨਾਂਅ ਵੀ ਬਦਲਣ ਦੀ ਲੰਮੇ ਸਮੇਂ ਤੋ ਮੰਗ ਕੀਤੀ ਜਾ ਰਹੀ ਹੈ, ਜਿਸ ਨਾਲ ਸਰਕਾਰ ਤੇ ਕੋਈ ਵਿੱਤੀ ਬੋਝ ਨਹੀਂ ਪੈਂਦਾ | ਪਰ ਫਿਰ ਵੀ ਮੰਗ ਨੰੂ ਨਜ਼ਰਅੰਦਾਜ਼ ਕੀਤਾ ਗਿਆ ਹੈ | ਆਗੂ ਗੁਰਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਐਸ.ਐਲ.ਏ. ਕਰਮਚਾਰੀਆਂ ਦੀ ਯੋਗਤਾ ਦੇ ਆਧਾਰ ਤੇ ਤਰੱਕੀਆਂ ਕਰਨ ਅਤੇ ਨਾਨ ਟੀਚਿੰਗ ਕਰਮਚਾਰੀਆਂ ਦਾ ਪ੍ਰਮੋਸ਼ਨ ਕੋਟਾ 1 ਫ਼ੀਸਦੀ ਤੋਂ ਵਧਾ ਕੇ 4 ਫ਼ੀਸਦੀ ਕਰਨ ਦੀ ਮੰਗ ਵੀ ਸਿੱਖਿਆ ਵਿਭਾਗ ਅੱਗੇ ਕਈ ਵਾਰ ਰੱਖੀ ਗਈ ਹੈ | ਆਗੂਆਂ ਨੇ ਐਲਾਨ ਕੀਤਾ ਕਿ ਜਥੇਬੰਦੀ ਵਲੋਂ 14 ਮਾਰਚ ਨੂੰ ਜਲੰਧਰ ਦੇ ਦੇਸ਼ ਭਗਤ ਯਾਦਗਾਰ ਹਾਲ ਵਿਚ ਸੂਬਾ ਪੱਧਰੀ ਮੀਟਿੰਗ ਕੀਤੀ ਜਾਵੇਗੀ, ਜਿਸ ਵਿਚ ਸੰਘਰਸ਼ ਦੀ ਰੂਪਰੇਖਾ ਤੈਅ ਕੀਤੀ ਜਾਵੇਗੀ ਅਤੇ ਲੋੜ ਪੈਣ 'ਤੇ ਮੁੱਖ ਮੰਤਰੀ ਦੇ ਘਰ ਅੱਗੇ ਵੀ ਵੱਡਾ ਐਕਸ਼ਨ ਕੀਤਾ ਜਾਵੇਗਾ |