ਲੁਧਿਆਣਾ, 12 ਮਾਰਚ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਵਲੋਂ ਨਾਜਾਇਜ਼ ਉਸਾਰੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਗੱਲ ਤਾਂ ਕੀਤੀ ਜਾ ਰਹੀ ਹੈ, ਪਰ ਜ਼ੋਨ ਏ ਵਿਚ ਇਸ ਮਾਮਲੇ 'ਚ ਦੋਹਰਾ ਰਵੱਈਆ ਸਾਹਮਣੇ ਆਉਂਦਾ ਦਿਖਾਈ ਦੇ ਰਿਹਾ ਹੈ | ਇਕ ਪਾਸੇ ਨਿਗਮ ਦੀ ਬਿਲਡਿੰਗ ਬਰਾਂਚ ਵਲੋਂ ਸਲੇਮ ਟਾਬਰੀ ਅਤੇ ਪੀਰੂ ਬੰਦਾ ਇਲਾਕੇ ਵਿਚ ਗੈਰ ਕਾਨੰੂਨੀ ਤੌਰ 'ਤੇ ਬਣ ਰਹੀ ਇਮਾਰਤ ਨੰੂ ਸੀਲ ਕਰ ਦਿੱਤਾ ਤੇ ਗੈਰ ਕਾਨੰੂਨੀ ਬਣ ਰਹੀ ਕਾਲੋਨੀ ਦਾ ਕੰਮ ਰੁਕਵਾ ਦਿੱਤਾ ਗਿਆ | ਜਦਕਿ ਦੂਜੇ ਪਾਸੇ ਕੁੱਝ ਥਾਵਾਂ ਤੇ ਸ਼ਰੇਆਮ ਗੈਰ ਕਾਨੰੂਨੀ ਉਸਾਰੀਆਂ ਜਾਰੀ ਹਨ | ਜਾਣਕਾਰੀ ਮੁਤਾਬਿਕ ਦਰੇਸੀ ਨੇੜੇ ਸੰੂਦਾ ਮੁਹੱਲੇ ਵਿਚ ਦੋ ਕਮਰਸ਼ੀਅਲ ਇਮਾਰਤਾਂ ਦਾ ਨਿਰਮਾਣ ਕੰਮ ਜਾਰੀ ਹੈ | ਦੱਸਿਆ ਜਾ ਰਿਹਾ ਹੈ ਕਿ ਇਹ ਨਿਰਮਾਣ ਬਿਨਾਂ ਮਨਜ਼ੂਰੀ ਦੇ ਕੀਤਾ ਜਾ ਰਿਹਾ ਹੈ, ਪਰ ਇਸਦੇ ਬਾਵਜੂਦ ਸੰਬੰਧਿਤ ਬਿਲਡਿੰਗ ਇੰਸਪੈਕਟਰ ਵਲੋਂ ਇਸ ਮਾਮਲੇ ਤੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ | ਇਸ ਮਾਮਲੇ ਨੰੂ ਲੈਕੇ ਸੋਸ਼ਲ ਮੀਡੀਆ ਤੇ ਵੀ ਚਰਚਾ ਛਿੜ ਗਈ ਹੈ | ਇਕ ਵਿਅਕਤੀ ਵਲੋਂ ਜਾਰੀ ਕੀਤੀ ਗਈ ਵੀਡੀਓ ਵਿਚ ਦੋਹਾਂ ਕਮਰਸ਼ੀਅਲ ਇਮਾਰਤਾਂ ਦੇ ਨਿਰਮਾਣ ਵਿਚ ਸੰਬੰਧਿਤ ਬਿਲਡਿੰਗ ਇੰਸਪੈਕਟਰ ਦੀ ਕਥਿਤ ਮਿਲੀਭੁਗਤ ਦੇ ਦੋਸ਼ ਲਗਾਏ ਗਏ ਹਨ | ਜ਼ਿਕਰਯੋਗ ਹੈ ਕਿ ਜ਼ੋਨ ਏ ਵਿਚ ਹਾਲ ਹੀ ਵਿਚ ਸਥਾਈ ਏ.ਟੀ.ਪੀ. ਨੰੂ ਦਰਜਾ ਦਿੱਤਾ ਗਿਆ ਹੈ | ਜਦਕਿ ਇਹ ਚਾਰਜ ਪਹਿਲਾ ਸਥਾਈ ਏ.ਟੀ.ਪੀ. ਕੋਲ ਨਹੀਂ ਸੀ | ਹੁਣ ਦੇਖਣਾ ਇਹ ਹੋਵੇਗਾ ਕਿ ਨਗਰ ਨਿਗਮ ਪ੍ਰਸ਼ਾਸਨ ਇਸ ਮਾਮਲੇ ਵਿਚ ਕੋਈ ਕਾਰਵਾਈ ਕਰਦਾ ਹੈ ਜਾ ਫਿਰ ਇਹ ਗੈਰ ਕਾਨੰੂਨੀ ਉਸਾਰੀਆਂ ਇਸੇ ਤਰ੍ਹਾਂ ਜਾਰੀ ਰਹਿੰਦੀਆਂ ਹਨ | ਜਦ ਇਸ ਸੰਬੰਧੀ ਏ.ਟੀ.ਪੀ. ਕਪਿਲ ਦੇਵ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਸੰਬੰਧੀ ਉਨ੍ਹਾਂ ਵਲੋਂ ਜਾਂਚ ਕੀਤੀ ਜਾਵੇਗੀ ਤੇ ਨਿਯਮਾਂ ਦੀ ਉਲੰਘਣਾ ਹੋਣ ਤੇ ਕਾਰਵਾਈ ਕੀਤੀ ਜਾਵੇਗੀ |