ਲੁਧਿਆਣਾ, 28 ਮਾਰਚ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਦੀ ਬੀਤੇ ਦਿਨੀਂ ਗੁਰੂ ਨਾਨਕ ਦੇਵ ਭਵਨ ਵਿਚ ਹੋਈ ਜਨਰਲ ਹਾਊਸ ਮੀਟਿੰਗ ਦੌਰਾਨ ਵਿੱਤ ਤੇ ਠੇਕਾ ਕਮੇਟੀ ਨਾਲ ਜੁੜੇ ਮਾਮਲੇ 'ਚ ਭਾਰੀ ਵਿਵਾਦ ਖੜ੍ਹਾ ਹੋ ਗਿਆ ਹੈ | ਮੀਟਿੰਗ ਤੋਂ ਬਾਅਦ ਕਮੇਟੀ ਦੇ ਮੈਂਬਰਾਂ ਵਿਚ ਖੁੱਲ੍ਹ ਕੇ ਨਾਰਾਜ਼ਗੀ ਸਾਹਮਣੇ ਆਈ ਹੈ | ਸੂਤਰਾਂ ਅਨੁਸਾਰ ਕਈ ਅਹਿਮ ਟੇਬਲ ਏਜੰਡੇ ਬਿਨਾ ਪਹਿਲਾਂ ਜਾਣਕਾਰੀ ਦਿੱਤੀ ਹੀ ਮੀਟਿੰਗ ਦੌਰਾਨ ਪੇਸ਼ ਕਰ ਦਿੱਤੇ ਗਏ ਅਤੇ ਉਨ੍ਹਾਂ ਨੰੂ ਜਲਦੀ-ਜਲਦੀ ਪਾਸ ਕਰ ਦਿੱਤਾ ਗਿਆ | ਹੈਰਾਨੀ ਦੀ ਗੱਲ ਇਹ ਹੈ ਕਿ ਵਿੱਤ ਤੇ ਠੇਕਾ ਕਮੇਟੀ ਵਿਚ ਸ਼ਾਮਿਲ ਮੈਂਬਰਾਂ ਨੰੂ ਵੀ ਇਨ੍ਹਾਂ ਟੇਬਲ ਏਜੰਡਿਆਂ ਬਾਰੇ ਕੁੱਝ ਪਤਾ ਨਹੀਂ ਸੀ | ਜਦੋਂ ਇਹ ਮਾਮਲੇ ਮੀਟਿੰਗ ਦੌਰਾਨ ਸਾਹਮਣੇ ਆਏ ਤਾਂ ਕਮੇਟੀ ਮੈਂਬਰ ਖੁਦ ਹੈਰਾਨ ਹੋ ਗਏ ਅਤੇ ਇਸ ਤਰੀਕੇ 'ਤੇ ਨਾਰਾਜ਼ਗੀ ਜਤਾਈ | ਇਸ ਤੋਂ ਇਲਾਵਾ ਦੋ ਨਵੇਂ ਕੌਂਸਲਰਾਂ ਨੰੂ ਵਿੱਤ ਤੇ ਠੇਕਾ ਕਮੇਟੀ ਵਿਚ ਮੈਂਬਰ ਬਣਾਉਣ ਦਾ ਪ੍ਰਸਤਾਵ ਵੀ ਟੇਬਲ ਏਜੰਡੇ ਰਾਹੀਂ ਚੁੱਪਚਾਪ ਪਾਸ ਕਰ ਦਿੱਤਾ ਗਿਆ | ਇਸ ਫ਼ੈਸਲੇ ਨਾਲ ਨਾ ਸਿਰਫ਼ ਕਮੇਟੀ ਦੇ ਮੌਜੂਦਾ ਮੈਂਬਰ ਨਾਰਾਜ਼ ਹਨ, ਸਗੋਂ ਵਿਰੋਧੀ ਧਿਰ ਨੇ ਵੀ ਇਸ 'ਤੇ ਤਿੱਖਾ ਵਿਰੋਧ ਦਰਜ ਕਰਵਾਇਆ ਹੈ | ਵਿਰੋਧੀ ਧਿਰ ਦੇ ਆਗੂਆਂ ਦਾ ਕਹਿਣਾ ਹੈ ਕਿ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਵਿੱਤ ਤੇ ਠੇਕਾ ਕਮੇਟੀ ਵਿਚ ਵਿਰੋਧੀ ਧਿਰ ਦੇ ਕੌਂਸਲਰਾਂ ਨੰੂ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ | ਉਨ੍ਹਾਂ ਮੁਤਾਬਿਕ ਕਮੇਟੀ ਵਿਚ ਵਿਰੋਧੀ ਧਿਰ ਦੀ ਭਾਗੀਦਾਰੀ ਜ਼ਰੂਰੀ ਹੁੰਦੀ ਹੈ ਤਾਂ ਜੋ ਨਿਗਮ ਦੇ ਕੰਮਕਾਜ 'ਤੇ ਪਾਰਦਰਸ਼ਤਾ ਅਤੇ ਨਿਗਰਾਨੀ ਬਣੀ ਰਹੀ | ਸੂਤਰਾਂ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਇਹ ਫ਼ੈਸਲੇ ਕੁੱਝ ਚੁਣੀਦੇ ਵਿਧਾਇਕਾਂ ਅਤੇ ਉਚ ਪੱਧਰੀ ਦਖਲ ਨਾਲ ਲਏ ਗਏ ਹਨ, ਜਿਸ ਕਾਰਨ ਨਿਗਮ ਦੀ ਕਾਰਵਾਈ 'ਤੇ ਸਵਾਲ ਖੜ੍ਹੇ ਹੋ ਗਏ ਹਨ | ਇਸ ਮਾਮਲੇ ਨੇ ਨਿਗਮ ਅੰਦਰ ਤਣਾਅ ਦਾ ਮਾਹੌਲ ਬਣਾਇਆ ਹੋਇਆ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਇਹ ਵਿਵਾਦ ਹੋਰ ਭਖਣ ਦੇ ਆਸਾਰ ਹਨ |