200 ਫੁੱਟੀ ਮਿਸਿੰਗ ਲਿੰਕ ਸੜਕ 'ਤੇ ਦੋਨੋਂ ਪਾਸੇ ਬਣੀਆਂ ਗਰੀਨ ਬੈਲਟਾਂ 'ਤੇ ਨਾਜਾਇਜ਼ ਕਬਜ਼ਿਆਂ ਦੀ ਭਰਮਾਰ <br/>
ਅਜੀਤ ਡੈਸਕ
29-03-2026
ਕੀ ਕਹਿਣਾ ਹੈ ਗਲਾਡਾ ਅਧਿਕਾਰੀਆਂ ਦਾ
ਜਦੋਂ ਇਸ ਬਾਬਤ ਗ੍ਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਿਟੀ (ਗਲਾਡਾ) ਦੇ ਉੱਚ ਅਧਿਕਾਰੀਆਂ ਦਾ ਪੱਖ ਜਾਣਨ ਲਈ ਫ਼ਿਰੋਜ਼ਪੁਰ ਮਾਰਗ ਸਥਿਤ ਮੁੱਖ ਦਫ਼ਤਰ ਵਿਖੇ ਪਹੁੰਚ ਕੀਤੀ ਗਈ ਤਾਂ ਮੁੱਖ ਪ੍ਰਸ਼ਾਸਕ ਸੰਦੀਪ ਕੁਮਾਰ ਆਈ.ਏ.ਐਸ. ਵਲੋਂ ਘੰਟਿਆਂ ਬੱਧੀ ਇੰਤਜ਼ਾਰ ਕਰਨ 'ਤੇ ਵੀ ਇਸ ਮਾਮਲੇ 'ਤੇ ਗੱਲ ਕਰਨ ਨੂੰ ਤਰਜੀਹ ਨਹੀਂ ਦਿੱਤੀ ਗਈ | ਇਹ ਅਕਸਰ ਹੀ ਦੇਖਣ ਵਿਚ ਆਉਂਦਾ ਹੈ ਕਿ ਗਲਾਡਾ ਨਾਲ ਸਬੰਧਿਤ ਕਿਸੇ ਵੀ ਮਸਲੇ 'ਤੇ ਵਿਭਾਗ ਦੇ ਅਧਿਕਾਰੀ ਗੱਲ ਕਰਨ ਤੋਂ ਅਕਸਰ ਟਾਲਾ ਹੀ ਵੱਟਦੇ ਨੇ, ਹੁਣ ਇਸ ਦਾ ਮੁੱਖ ਕਾਰਨ ਕੀ ਹੈ? ਇਸ ਬਾਰੇ ਤਾਂ ਸਬੰਧਿਤ ਅਧਿਕਾਰੀ ਹੀ ਕੁੱਝ ਦੱਸ ਸਕਦੇ ਹਨ |
ਕੀ ਕਹਿਣਾ ਹੈ ਬਸੰਤ ਐਵਿਨਿਊ ਵਾਸੀ ਪਵਨ ਕੁਮਾਰ ਦੱਤ ਦਾ
ਬਸੰਤ ਐਵਿਨਿਊ ਵਾਸੀ ਉੱਘੇ ਸਮਾਜ ਸੇਵੀ ਪਵਨ ਕੁਮਾਰ ਦੱਤ ਨੇ ਕਿਹਾ ਕਿ ਇਹ ਗ੍ਰੀਨ ਬੈਲਟਾਂ ਸ਼ਹਿਰ ਵਿਚ ਦਿਨ-ਬ-ਦਿਨ ਵੱਧ ਰਹੇ ਪ੍ਰਦੂਸ਼ਣ ਤੋਂ ਮੁਕਤੀ ਪਾਉਣ ਦਾ ਇਕ ਛੋਟਾ ਜਿਹਾ ਉਪਰਾਲਾ ਹੈ, ਪਰ ਕੁੱਝ ਨਿੱਜ ਸਵਾਰਥੀ ਲੋਕ ਆਪਣੇ ਸਵਾਰਥੀ ਹਿਤਾਂ ਦੀ ਪੂਰਤੀ ਲਈ ਇਨ੍ਹਾਂ ਦਾ ਗਲਤ ਪ੍ਰਯੋਗ ਕਰਕੇ ਇਨ੍ਹਾਂ ਗ੍ਰੀਨ ਬੈਲਟਾਂ ਨੂੰ ਨਸ਼ਟ ਕਰ ਰਹੇ ਹਨ | ਇਨ੍ਹਾਂ ਦੇ ਆਲੇ ਦੁਆਲੇ ਅਤੇ ਅੰਦਰ ਕੂੜਾ ਸੁੱਟਣ ਨਾਲ ਲੱਗੇ ਦਰਖਤਾਂ ਨੂੰ ਨੁਕਸਾਨ ਪਹੁੰਚਦਾ ਹੈ | ਪ੍ਰਸ਼ਾਸਨ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ |
ਕੀ ਕਹਿਣਾ ਹੈ ਹਰਦੀਪ ਸਿੰਘ ਚਾਵਲਾ ਦਾ
ਉੱਘੇ ਸਮਾਜ ਸੇਵੀ ਅਤੇ ਕਾਰੋਬਾਰੀ ਹਰਦੀਪ ਸਿੰਘ ਚਾਵਲਾ ਦਾ ਕਹਿਣਾ ਹੈ ਕਿ ਇਨ੍ਹਾਂ ਗ੍ਰੀਨ ਬੈਲਟਾਂ ਅੰਦਰ ਲੱਗੀਆਂ ਦੁਕਾਨਾਂ ਅਤੇ ਸੁੱਟੇ ਗਏ ਮਲਵੇ ਦੇ ਢੇਰ ਇਕ ਬੇਹੱਦ ਘਟੀਆ ਦਰਜੇ ਦਾ ਕੰਮ ਹੈ | ਗਰੀਨ ਬੈਲਟਾਂ ਨਾਲ ਪਈਆਂ ਖਾਲੀ ਥਾਵਾਂ 'ਤੇ ਲੋਕਾਂ ਵਲੋਂ ਸੁੱਟੇ ਜਾਂਦੇ ਕੂੜੇ ਨਾਲ ਹਰਿਆਵਲ ਨੂੰ ਨੁਕਸਾਨ ਪਹੁੰਚਦਾ ਹੈ ਅਤੇ ਸਵੇਰੇ ਸ਼ਾਮ ਸੈਰ ਕਰਨ ਵਾਲੇ ਬਜ਼ੁਰਗਾਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ | ਗਰੀਨ ਬੈਲਟਾਂ ਦੀ ਸਾਂਭ ਸੰਭਾਲ ਲਈ ਪ੍ਰਸ਼ਾਸਨ ਨੂੰ ਸਖ਼ਤ ਰੁੱਖ ਅਖਤਿਆਰ ਕਰਨਾ ਚਾਹੀਦਾ ਹੈ |