ਲੁਧਿਆਣਾ, 2 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਸੀਨੀਅਰ ਆਗੂ ਚਰਨਦੀਪ ਸਿੰਘ ਚੰਨੀ ਮੈਂਬਰ ਕੋਰ ਕਮੇਟੀ ਵਪਾਰ ਵਿੰਗ, ਪੰਜਾਬ ਸ਼ੋ੍ਰਮਣੀ ਅਕਾਲੀ ਦਲ ਨੇ ਗੱਲਬਾਤ ਦੌਰਾਨ ਕਿਹਾ ਕਿ ਸੂਬੇ ਦੀ ਵਿਗੜ ਚੁੱਕੀ ਕਾਨੂੰਨ ਵਿਵਸਥਾ ਕਾਰਨ ਵੱਧ ਰਹੇ ਨਸ਼ਿਆਂ, ਭਿ੍ਸ਼ਟਾਚਾਰ, ਕਾਲਾਬਾਜ਼ਾਰੀ ਅਤੇ ਗੈਂਗਸਟਰਵਾਦ ਨੂੰ ਲੈ ਕੇ ਪੰਜਾਬ ਦੀ ਜਨਤਾ ਅੱਜ ਆਪਣੀਆਂ ਅੱਖਾਂ 'ਚ ਹੰਝੂ ਲੈ ਕੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੂੰ ਦਿਨ-ਰਾਤ ਕੋਸ ਰਹੇ ਹਨ ਕਿਉਂਕਿ ਅੱਜ ਪੰਜਾਬ ਵਿਕਾਸ ਦੀ ਬਜਾਏ ਤਬਾਹੀ ਦੇ ਕੰਢੇ 'ਤੇ ਪਹੁੰਚ ਚੁੱਕਾ ਹੈ | ਲੋਕਾਂ ਦਾ ਦੇਰ-ਸਵੇਰ ਆਪਣੇ ਘਰਾਂ 'ਚੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਚੁੱਕਾ ਹੈ, ਉਹ ਡਰ ਅਤੇ ਦਹਿਸ਼ਤ ਦੇ ਮਾਹੌਲ 'ਚ ਜਿਉਣ ਲਈ ਮਜਬੂਰ ਹਨ | ਸ. ਚੰਨੀ ਨੇ ਕਿਹਾ ਕਿ ਰੰਗਲਾ ਪੰਜਾਬ ਬਣਾਉਣ ਦਾ ਹਉਕਾ ਦੇਣ ਵਾਲੀ ਆਪ ਸਰਕਾਰ ਨੇ ਅੱਜ ਸੂਬੇ ਨੂੰ ਕੰਗਾਲ ਬਣਾ ਕੇ ਰੱਖ ਦਿੱਤਾ ਹੈ | ਸੂਬੇ ਦਾ ਕਿਸਾਨ, ਮਜ਼ਦੂਰ, ਸਰਕਾਰੀ ਮੁਲਾਜ਼ਮ, ਨੌਜਵਾਨ ਵਰਗ ਸਮੇਤ ਹਰ ਕੋਈ ਸੂਬਾ ਸਰਕਾਰ ਤੋਂ ਪਰੇਸ਼ਾਨ ਅਤੇ ਦੁਖੀ ਹੈ, ਜਿਸ ਕਰਕੇ ਹੁਣ ਲੋਕ ਆਮ ਆਦਮੀ ਪਾਰਟੀ ਨੂੰ ਸਵੀਕਾਰ ਨਹੀਂ ਕਰਨਗੇ | ਉਨ੍ਹਾਂ ਦੱਸਿਆ ਕਿ ਪੰਜਾਬ ਦੇ ਲੋਕ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਤਾਂ ਜੋ 'ਆਪ' ਨੂੰ ਸਬਕ ਸਿਖਾਇਆ ਜਾ ਸਕੇ ਕਿਉਂਕਿ ਪੰਜਾਬ ਦੇ ਹਰ ਵਰਗ ਨੇ ਸੁਖਬੀਰ ਸਿੰਘ ਬਾਦਲ ਨੂੰ 2027 'ਚ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਦਾ ਮੰਨ ਬਣਾ ਲਿਆ ਹੈ ਤੇ ਉਨ੍ਹਾਂ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਅਕਾਲੀ ਦਲ ਮੁੜ ਪੰਜਾਬ ਨੂੰ ਆਪਣੀਆਂ ਪਹਿਲੀਆਂ ਸਰਕਾਰਾਂ ਦੇ ਕਾਰਜਕਾਲ ਵਾਂਗ ਵਿਕਾਸ ਵੱਲ ਲੈ ਕੇ ਜਾਵੇਗਾ ਅਤੇ ਅਮਨ-ਕਾਨੂੰਨੀ ਦੀ ਸਥਿਤੀ ਨੂੰ ਵੀ ਬਰਕਰਾਰ ਰੱਖੇਗਾ |