ਲੁਧਿਆਣਾ, 4 ਅਪ੍ਰੈਲ (ਡਾ. ਤਰਲੋਚਨ ਸਿੰਘ)-ਹਲਕਾ ਪੂਰਬੀ ਦੇ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਵਲੋਂ ਅੱਜ ਵਾਰਡ ਨੰਬਰ 2 ਅਧੀਨ ਪੈਂਦੇ ਨੂਰਾਂ ਵਾਲਾ ਰੋਡ ਵਿਖੇ ਕਰੀਬ 1.26 ਕਰੋੜ ਦੀ ਲਾਗਤ ਨਾਲ ਸੀਵਰੇਜ ਦੇ ਨਵੇਂ ਕੰਮਾਂ ਦਾ ਉਦਘਾਟਨ ਕੀਤਾ ਗਿਆ | ਇਸ ਮੌਕੇ 'ਤੇ ਪਾਰਟੀ ਵਰਕਰਾਂ ਅਤੇ ਇਲਾਕਾ ਵਾਸੀਆਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਗਰੇਵਾਲ ਭੋਲਾ ਨੇ ਕਿਹਾ ਕਿ ਇਲਾਕਾ ਵਾਸੀਆਂ ਵਲੋਂ ਪਿਛਲੇ ਸਮੇਂ ਦੌਰਾਨ ਸੀਵਰੇਜ ਦੀ ਸਮੱਸਿਆ ਨੂੰ ਲੈ ਕੇ ਮੰਗ ਕੀਤੀ ਜਾ ਰਹੀ ਸੀ ਕਿ ਉਨਾਂ ਦੇ ਇਲਾਕੇ 'ਚ ਬਰਸਾਤਾਂ ਦੇ ਮੌਕੇ ਓਵਰਫਲੋ ਕਾਰਨ ਇਲਾਕੇ ਨੂੰ ਕਈ ਤਰਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਸੋ ਇਸ ਮੁਸ਼ਕਿਲ ਨੂੰ ਦੇਖਦੇ ਹੋਏ ਸੀਵਰੇਜ ਦੀਆਂ ਪਾਈਪਾਂ ਨੂੰ ਦੁਬਾਰਾ ਤੋਂ ਪਾਇਆ ਜਾਵੇ ਤਾਂ ਜੋ ਇਲਾਕਾ ਵਾਸੀਆਂ ਨੂੰ ਰਾਹਤ ਮਿਲ ਸਕੇ | ਉਨਾਂ ਨੇ ਕਿਹਾ ਕਿ ਇਲਾਕਾ ਵਾਸੀਆਂ ਦੀ ਇਸ ਮੰਗ ਨੂੰ ਪੂਰਾ ਕਰਦੇ ਹੋਏ ਅੱਜ ਸੀਵਰੇਜ ਦੀਆਂ ਨਵੀਆਂ ਪਾਈਪਾਂ ਪਾਉਣ ਦੇ ਕੰਮਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ, ਇਹਨਾਂ ਕੰਮਾਂ 'ਤੇ ਕਰੀਬ 1.26 ਕਰੋੜ ਰੁਪਏ ਦੀ ਲਾਗਤ ਆਵੇਗੀ ਅਤੇ ਆਉਣ ਵਾਲੇ ਦਿਨਾਂ 'ਚ ਹੀ ਇਨਾਂ ਵਿਕਾਸ ਕਾਰਜਾਂ ਨੂੰ ਮੁਕੰਮਲ ਕਰ ਲਿਆ ਜਾਵੇਗਾ | ਉਨਾਂ ਕਿਹਾ ਕਿ ਇਹਨਾਂ ਵਿਕਾਸ ਕਾਰਜਾਂ ਦੇ ਮੁਕੰਮਲ ਹੋਣ ਨਾਲ ਇਲਾਕਾ ਵਾਸੀਆਂ ਨੂੰ ਆ ਰਹੀ ਮੁਸ਼ਕਿਲ ਤੋਂ ਛੁਟਕਾਰਾ ਮਿਲੇਗਾ | ਉਨਾਂ ਕਿਹਾ ਕਿ ਹਲਕਾ ਪੂਰਬੀ ਦੇ ਹਰ ਵਾਰਡ 'ਚ ਕਰੀਬ 90 ਫ਼ੀਸਦੀ ਵਿਕਾਸ ਕਾਰਜ ਪਹਿਲਾਂ ਹੀ ਮੁਕੰਮਲ ਕਰਵਾਏ ਜਾ ਚੁੱਕੇ ਹਨ ਅਤੇ ਆਉਣ ਵਾਲੇ ਕੁੱਝ ਦਿਨਾਂ 'ਚ ਬਾਕੀ ਰਹਿੰਦੇ ਵਿਕਾਸ ਕਾਰਜਾਂ ਨੂੰ 100 ਫ਼ੀਸਦੀ ਮੁਕੰਮਲ ਕਰਕੇ ਹਲਕੇ ਨੂੰ ਵਿਕਾਸ ਪੱਖੋਂ ਪਹਿਲੇ ਸਥਾਨ 'ਤੇ ਲਿਆਂਦਾ ਜਾਵੇਗਾ | ਉਨਾਂ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦਾ ਮੁੱਖ ਟੀਚਾ ਸੂਬਾ ਵਾਸੀਆਂ ਨੂੰ ਵਿਕਾਸ ਦੇ ਨਾਲ ਨਾਲ ਹਰ ਤਰਾਂ ਦੀਆਂ ਮੁੱਢਲੀਆਂ ਸਹੂਲਤਾਂ ਮੁਹੱਈਆ ਕਰਵਾਉਣੀਆਂ ਅਤੇ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣਾ ਹੀ ਮੁੱਖ ਮਕਸਦ ਹੈ | ਇਸ ਮੌਕੇ ਸੁਰਿੰਦਰ ਮਜਨ, ਜਸਵਿੰਦਰ ਸੰਧੂ, ਸੰਜੀਵ ਬਾਬੂ ਸ਼ਰਮਾ, ਰਾਜ ਗਰੇਵਾਲ, ਵਰਿੰਦਰ ਪਾਂਡੇ, ਮਹਾਂਵੀਰ ਸਿਸੋਦੀਆ, ਮਨਜੀਤ ਸਿੰਘ, ਹਕੀਕਤ ਭਾਟੀਆ, ਸੰਨੀ ਸਹਾਰਨ, ਵਿਜੇ ਕੁਮਾਰ, ਗਗਨ ਕੁਮਾਰ, ਹਰਪ੍ਰੀਤ ਬਾਮੜਾ ਸੁੱਚਾ ਸਿੰਘ, ਰਾਜਵੀਰ ਸਿੰਘ, ਦਲਜੀਤ ਘੂਰਾ, ਅਨਿਲ ਵਿਨਾਇਕ, ਰੋਮੀ ਵਰਮਾ, ਰਕੇਸ਼ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ 'ਚ ਇਲਾਕਾ ਵਾਸੀ ਹਾਜ਼ਰ ਸਨ |