ਆਲਮਗੀਰ, 5 ਅਪ੍ਰੈਲ (ਜਰਨੈਲ ਸਿੰਘ ਪੱਟੀ)-ਸਨਫੋਰਟ ਵਰਲਡ ਸਕੂਲ ਦਾ ਸਾਲਾਨਾ ਇਨਾਮ ਵੰਡ ਸਮਾਰੋਹ ਸਕੂਲ ਦੇ ਡਾਇਰੈਕਟਰ ਗੁਰਪ੍ਰਤਾਪ ਸਿੰਘ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ, ਜਿਸ ਵਿਚ ਬਹੁਜਨ ਸਮਾਜ ਪਾਰਟੀ ਦੇ ਸੂਬਾ ਸਕੱਤਰ ਭਾਗ ਸਿੰਘ ਸਰੀਂਹ ਮੁੱਖ ਮਹਿਮਾਨ ਵਜੋਂ ਪਹੁੰਚੇ | ਸਮਾਗਮ ਦੀ ਆਰੰਭਤਾ ਸਕੂਲ ਦੇ ਵਿਦਿਆਰਥੀਆਂ ਵਲੋਂ ਧਾਰਮਿਕ ਸ਼ਬਦ ਨਾਲ ਕੀਤੀ ਗਈ | ਉਪਰੰਤ ਬੱਚਿਆਂ ਨੇ ਰੰਗਾਰੰਗ ਪੰਜਾਬੀ ਸਭਿਆਚਾਰਕ ਪ੍ਰੋਗਰਾਮ ਪੇਸ਼ ਕਰਦਿਆਂ ਮਾਹੌਲ ਨੂੰ ਸਭਿਆਚਾਰ ਰੰਗ ਵਿਚ ਰੰਗ ਦਿੱਤਾ | ਇਸ ਮੌਕੇ ਪੜ੍ਹਾਈ ਵਿਚ ਵਧੀਆ ਮੱਲ੍ਹਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਟਰਾਫ਼ੀ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕਰਦਿਆਂ ਭਾਗ ਸਿੰਘ ਸਰੀਂਹ ਨੇ ਕਿਹਾ ਕਿ ਇਨਸਾਨ ਦਾ ਪੜਿ੍ਹਆ ਲਿਖਿਆ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਇਕ ਪੜਿ੍ਹਆ ਲਿਖਿਆ ਇਨਸਾਨ ਹੀ ਸਮਾਜ ਅਤੇ ਆਪਣੇ ਘਰ ਪਰਿਵਾਰ ਨੂੰ ਤਰੱਕੀ ਦੀਆਂ ਰਾਹਾਂ 'ਤੇ ਤੋਰ ਸਕਦਾ ਹੈ | ਇਸ ਮੌਕੇ ਸਕੂਲ ਦੇ ਡਾਇਰੈਕਟਰ ਗੁਰਪ੍ਰਤਾਪ ਸਿੰਘ ਨੇ ਸਕੂਲ ਦੀਆਂ ਗਤੀਵਿਧੀਆਂ ਪੇਸ਼ ਕਰਦੀ ਸਾਲਾਨਾ ਰਿਪੋਰਟ ਪੜ੍ਹ ਕੇ ਸੁਣਾਈ | ਅਖੀਰ ਵਿਚ ਮੈਨੇਜਰ ਡਾ. ਗੁਰਦਰਸ਼ਨ ਸਿੰਘ ਨੇ ਆਏ ਹੋਏ ਮਹਿਮਾਨਾਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਦਾ ਧੰਨਵਾਦ ਕੀਤਾ | ਇਸ ਮੌਕੇ ਰਜਿੰਦਰ ਸਿੰਘ ਬੁਲਾਰਾ ਅਤੇ ਸਕੂਲ ਦੇ ਸਮੂਹ ਸਟਾਫ਼ ਮੈਂਬਰਾਂ ਸਮੇਤ ਇਲਾਕੇ ਦੇ ਪਤਵੰਤੇ ਸੱਜਣ ਹਾਜ਼ਰ ਸਨ |