ਲੁਧਿਆਣਾ, 5 ਅਪ੍ਰੈਲ (ਡਾ. ਤਰਲੋਚਨ ਸਿੰਘ)-ਯੂਨਾਈਟਿਡ ਆਯੁਰਵੈਦਿਕ ਡਰੱਗਸ ਮੈਨੂਫੈਕਚਰਜ਼ ਐਸੋਸੀਏਸ਼ਨ ਦੀ ਪਹਿਲੀ ਵਰ੍ਹੇਗੰਢ ਨੂੰ ਸਮਰਪਿਤ ਲੋਧੀ ਕਲੱਬ ਵਿਖੇ ਇਕ ਸਮਾਗਮ ਕੀਤਾ ਗਿਆ, ਜਿਸ ਵਿਚ ਸੰਸਥਾ ਦੇ ਪ੍ਰਧਾਨ ਦਵਿੰਦਰ ਭਾਟੀਆ, ਜਨਰਲ ਸਕੱਤਰ ਡਾ. ਬਿ੍ਜੇਸ਼ ਕੁਮਾਰ ਬਾਂਗੜ, ਖ਼ਜ਼ਾਨਚੀ ਰਾਕੇਸ਼ ਬੱਸੀ, ਸਰਪ੍ਰਸਤ ਡਾ. ਰਾਜੇਸ਼ ਥਾਪਰ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਸਮਾਗਮ ਦੌਰਾਨ ਸੰਸਥਾ ਦੇ ਇਕ ਸਾਲ ਪੂਰਾ ਹੋਣ 'ਤੇ ਸਮੂਹ ਮੈਂਬਰਾਂ ਨੇ ਕੇਕ ਕੱਟ ਕੇ ਖੁਸ਼ੀ ਮਨਾਈ | ਇਸ ਮੌਕੇ ਡਾ. ਬਿ੍ਜੇਸ਼ ਕੁਮਾਰ ਬਾਂਗੜ ਨੇ ਸੰਸਥਾ ਦੇ ਪਹਿਲੇ ਸਾਲ ਦੀਆਂ ਉਪਲਬਧੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਉਨ੍ਹਾਂ ਦੱਸਿਆ ਕਿ ਸੰਸਥਾ ਨੇ ਆਪਣੇ ਪਹਿਲੇ ਹੀ ਸਾਲ ਵਿਚ ਮਹੱਤਵਪੂਰਨ ਤਰੱਕੀ ਕਰਦੇ ਹੋਏ ਵੱਖ-ਵੱਖ ਖੇਤਰਾਂ ਵਿਚ ਆਪਣੀ ਮਜ਼ਬੂਤ ਪਛਾਣ ਬਣਾਈ ਹੈ | ਪ੍ਰਧਾਨ ਦਵਿੰਦਰ ਭਾਟੀਆ ਨੇ ਹਾਜ਼ਰ ਸਮੂਹ ਮੈਂਬਰਾਂ ਦਾ ਸਵਾਗਤ ਕੀਤਾ ਅਤੇ ਪੰਜਾਬ ਦੇ ਵੱਖ-ਵੱਖ ਖੇਤਰਾਂ ਤੋਂ ਮਿਲੇ ਸਹਿਯੋਗ ਲਈ ਸਭ ਦਾ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਮੈਂਬਰਾਂ ਦੇ ਲਗਾਤਾਰ ਸਹਿਯੋਗ ਨਾਲ ਹੀ ਸੰਸਥਾ ਨੇ ਆਪਣੇ ਪਹਿਲੇ ਸਾਲ ਵਿਚ ਕਈ ਮਹੱਤਵਪੂਰਨ ਉਪਲਬਧੀਆਂ ਹਾਸਲ ਕੀਤੀਆਂ ਹਨ | ਡਾ. ਰਾਜੇਸ਼ ਥਾਪਰ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਕਿਵੇਂ ਆਪਸੀ ਸਹਿਯੋਗ ਨਾਲ ਅਸੀਂ ਆਪਣੀਆਂ ਫਾਰਮੇਸੀ ਸੇਵਾਵਾਂ ਨੂੰ ਹੋਰ ਮਜ਼ਬੂਤ ਅਤੇ ਪ੍ਰਭਾਵਸ਼ਾਲੀ ਬਣਾ ਸਕਦੇ ਹਾਂ | ਇਸ ਮੌਕੇ ਹਿਤੇਸ਼ ਦੂਆ, ਪ੍ਰਭਪ੍ਰੀਤ ਸਿੰਘ, ਸਤਪਾਲ ਪੁਰੀ, ਡਾ. ਸੁਧੀਰ ਸੈਨੀ, ਗਗਨ ਅਰੋੜਾ, ਸਟੀਵਨ ਥਾਪਰ, ਸੁਨੀਲ ਓਬਰਾਏ, ਕਮਲਪ੍ਰੀਤ ਸਿੰਘ, ਕਮਲ ਬੱਸੀ, ਡਾ. ਖੋਸਲਾ, ਨਰੇਸ਼ ਕੁਮਾਰ, ਆਸ਼ਿਮ ਚੋਪੜਾ, ਪ੍ਰਭਾਤ ਅਰੋੜਾ, ਪਮੇਸ਼ ਅਰੋੜਾ, ਮਨੋਹਰ ਸਿੰਘ, ਪ੍ਰਮੋਦ ਗਾਬਾ, ਰੋਹਿਤ ਗਾਬਾ ਅਤੇ ਸਰੋਧਿਆ ਹਰਬਲਜ਼ ਦੇ ਪ੍ਰਤੀਨਿਧ ਵੀ ਸ਼ਾਮਿਲ ਹੋਏ | ਇਸ ਮੌਕੇ ਸਮੂਹ ਮੈਂਬਰਾਂ ਨੇ ਸੰਸਥਾ ਦੀਆਂ ਉਪਲਬਧੀਆਂ 'ਤੇ ਸੰਤੁਸ਼ਟੀ ਜਤਾਉਂਦੇ ਹੋਏ ਭਵਿੱਖ ਵਿਚ ਹੋਰ ਵਧੇਰੇ ਤਰੱਕੀ ਅਤੇ ਵਿਸਥਾਰ ਲਈ ਆਪਣੇ ਸੁਝਾਅ ਵੀ ਸਾਂਝੇ ਕੀਤੇ | ਸਮਾਗਮ ਦੀ ਸਮਾਪਤੀ ਆਪਸੀ ਸਹਿਯੋਗ ਅਤੇ ਸੰਸਥਾ ਨੂੰ ਨਵੀਆਂ ਉਚਾਈਆਂ ਤੱਕ ਲੈ ਜਾਣ ਦੇ ਸੰਕਲਪ ਨਾਲ ਹੋਈ |