ਲੁਧਿਆਣਾ, 10 ਅਪ੍ਰੈਲ (ਜਸਵਿੰਦਰ ਸਿੰਘ)-ਆਜ਼ਾਦ ਕਿਸਾਨ ਮੋਰਚਾ ਪੰਜਾਬ ਦੇ ਸੀਨੀਅਰ ਆਗੂ ਅਤੇ ਅੰਨਦਾਤਾ ਕਿਸਾਨ ਮਜ਼ਦੂਰ ਯੂਨੀਅਨ ਦੇ ਕੌਮੀ ਪ੍ਰਧਾਨ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਦੀ ਅਗਵਾਈ ਹੇਠ ਕਿਸਾਨਾਂ ਮਜ਼ਦੂਰਾਂ ਦੀਆਂ ਹੱਕੀ ਜਾਇਜ਼ ਮੰਗਾਂ ਨੂੰ ਲੈ ਕੇ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ | ਬੀਤੇ ਕਈ ਦਿਨਾਂ ਤੋਂ ਸੂਬੇ ਵਿਚ ਰੁਕ ਰੁਕ ਕੇ ਹੋ ਰਹੀ ਬੇਮੌਸਮੀ ਬਰਸਾਤ, ਗੜੇਮਾਰੀ ਤੇ ਤੇਜ਼ ਹਵਾ ਕਾਰਨ ਤਕਰੀਬਨ ਡੇਢ ਲੱਖ ਏਕੜ ਕਣਕ ਅਤੇ ਸਬਜ਼ੀਆਂ ਦੀ ਫ਼ਸਲ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ | ਇਸ ਸਬੰਧੀ ਸੂਬਾ ਸਰਕਾਰ ਪ੍ਰਭਾਵਿਤ ਹੋਈ ਕਣਕ ਅਤੇ ਸਬਜ਼ੀਆਂ ਦੀ ਫ਼ਸਲ ਦੀ ਗਿਰਦਾਵਰੀ ਕਰਵਾ ਕੇ ਪੀੜਤ ਕਿਸਾਨਾਂ ਨੂੰ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ੇ ਵਜੋਂ ਦੇਣ ਦਾ ਤੁਰੰਤ ਐਲਾਨ ਕਰੇ | ਉਕਤ ਸ਼ਬਦਾਂ ਦਾ ਪ੍ਰਗਟਾਵਾ ਆਜ਼ਾਦ ਕਿਸਾਨ ਮੋਰਚਾ ਪੰਜਾਬ ਦੇ ਸੀਨੀਅਰ ਆਗੂ ਅਤੇ ਅੰਨਦਾਤਾ ਕਿਸਾਨ ਮਜ਼ਦੂਰ ਯੂਨੀਅਨ ਦੇ ਕੌਮੀ ਪ੍ਰਧਾਨ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਵਲੋਂ ਕੀਤਾ ਗਿਆ | ਉਪਰੰਤ ਆਜ਼ਾਦ ਕਿਸਾਨ ਮੋਰਚਾ ਪੰਜਾਬ ਦੇ ਸੀਨੀਅਰ ਆਗੂ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਦੀ ਅਗਵਾਈ ਹੇਠ ਰਾਸ਼ਟਰਪਤੀ ਦਰੋਪਤੀ ਮੁਰਮੂ ਅਤੇ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੇ ਨਾਮ 'ਤੇ ਮੰਗ ਪੱਤਰ ਡੀ.ਸੀ. ਨੂੰ ਸੌਂਪਿਆ ਗਿਆ | ਕਿਸਾਨਾਂ ਦੀ ਹਾਲਤ ਸੁਧਾਰਨ ਲਈ ਆਜ਼ਾਦ ਕਿਸਾਨ ਮੋਰਚਾ ਪੰਜਾਬ ਵਲੋਂ ਪੰਜਾਬ ਵਿਚ ਖਸਖਸ ਦੀ ਖੇਤੀ ਸ਼ੁਰੂ ਕਰਨ, ਨੌਜਵਾਨਾਂ ਨੂੰ ਚਿੱਟੇ ਦੇ ਨਸ਼ੇ ਤੋਂ ਬਚਾਉਣ ਲਈ ਇਸ ਦੇ ਬਦਲ ਵਜੋਂ ਪੰਜਾਬ ਵਿਚ ਭੁੱਕੀ-ਅਫ਼ੀਮ ਦੇ ਠੇਕੇ ਖੋਲ੍ਹਣ ਦੀ ਇਜਾਜ਼ਤ, ਹੜ੍ਹ ਪੀੜਤਾਂ ਦੀ ਬਕਾਇਆ ਰਾਸ਼ੀ ਤੁਰੰਤ ਜਾਰੀ ਕਰਨ, ਫ਼ਸਲਾਂ ਤੇ ਸਬਜ਼ੀਆਂ ਦਾ 100 ਫ਼ੀਸਦੀ ਬੀਮਾ ਕਰਨ, ਕਿਸਾਨ-ਹਿਤੈਸ਼ੀ ਨੀਤੀਆਂ ਬਣਾਉਣ, ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਅਤੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਰੋਕਣ ਲਈ ਸਖ਼ਤ ਕਾਨੂੰਨ ਬਣਾਉਣ, ਕਿਸਾਨਾਂ ਅਤੇ ਮਜ਼ਦੂਰਾਂ ਦਾ ਸਮੂਹ ਕਰਜ਼ਾ ਮੁਆਫ਼ ਕਰਨ, ਬੈਂਕਾਂ ਨੂੰ ਸੈਟਲਮੈਂਟ ਸਕੀਮਾਂ ਚਲਾਉਣ ਦੇ ਹੁਕਮ ਦੇਣ ਤੋਂ ਇਲਾਵਾ ਹੋਰ ਕਈ ਮੰਗਾਂ ਰੱਖੀਆਂ ਗਈਆਂ | ਇਸ ਮੌਕੇ ਸਰਪੰਚ ਨਿਰਮਲ ਸਿੰਘ ਬੇਰਕਲਾਂ ਜਨਰਲ ਸਕੱਤਰ, ਅਮਰਜੀਤ ਸਿੰਘ ਭੱਟੀ ਸੀ. ਮੀਤ ਪ੍ਰਧਾਨ, ਸੁਰਜੀਤ ਸਿੰਘ ਪ੍ਰਧਾਨ ਦੰਗਾ ਪੀੜਤ, ਪਰਮਜੀਤ ਸਿੰਘ ਨਤ, ਜਨਰਲ ਸਕੱਤਰ, ਬਲਦੇਵ ਸਿੰਘ ਸੰਧੂ ਮੀਤ ਪ੍ਰਧਾਨ, ਭੁਪਿੰਦਰ ਸਿੰਘ ਸ਼ਹਿਰੀ ਪ੍ਰਧਾਨ, ਪ੍ਰਭਦੀਪ ਸਿੰਘ ਸੇਖੋਂ ਦਿਹਾਤੀ ਪ੍ਰਧਾਨ, ਕੁਲਦੀਪ ਸਿੰਘ ਖ਼ਾਲਸਾ, ਰਾਣਾ ਸਿੰਘ ਗਰੇਵਾਲ ਜਨਰਲ ਸਕੱਤਰ, ਗੁਰਦੀਪ ਸਿੰਘ ਗਰੇਵਾਲ ਪ੍ਰਚਾਰ ਸਕੱਤਰ, ਜੁਝਾਰ ਸਿੰਘ ਪ੍ਰਚਾਰ ਸਕੱਤਰ, ਬਹਾਦਰ ਸਿੰਘ ਢਿੱਲੋਂ, ਸ਼ਮਸ਼ੇਰ ਸਿੰਘ ਲਾਡੋਵਾਲ, ਅਮਰਜੀਤ ਸਿੰਘ ਲੱਖੋਵਾਲ, ਮਲਵਿੰਦਰ ਸਿੰਘ, ਚਰਨਜੀਤ ਸਿੰਘ, ਧਰਮ ਸਿੰਘ, ਜਤਿੰਦਰ ਸਿੰਘ ਹੈਪੀ ਹਰਨਮਪੁਰਾ, ਗੁਰਚਰਨ ਸਿੰਘ ਰਾਜੂ ਗਰੇਵਾਲ, ਗੁਰਪ੍ਰੀਤ ਸਿੰਘ ਹਸਨਪੁਰ, ਰਾਧੇ ਸ਼ਾਮ, ਸੁਖਚੈਨ ਮਹਿਰਾ, ਲਖਵੀਰ ਲੱਖਾ, ਨਿਤਿਨ ਦੀਵਾਨ, ਗੌਰਵ, ਗੁਰਵਿੰਦਰ ਸਿੰਘ, ਗੁਰਦੀਪ ਸਿੰਘ ਹਾਜ਼ਰ ਸਨ |