ਲੁਧਿਆਣਾ, 10 ਅਪ੍ਰੈਲ (ਜਸਵਿੰਦਰ ਸਿੰਘ)-ਪੰਜਾਬ ਬਾਸਕਟਬਾਲ ਐਸੋਸੀਏਸ਼ਨ ਵਲੋਂ ਕਰਵਾਈ ਜਾ ਰਹੀ ''ਅਕਾਲ ਯੁਗਤ ਭੁਲੱਥ ਬਾਸਕਟਬਾਲ ਲੀਗ'' ਦੇ ਸੰਬੰਧ ਵਿਚ ਐਸੋਸੀਏਸ਼ਨ ਦੇ ਜਨਰਲ ਸਕੱਤਰ ਤੇਜਾ ਸਿੰਘ ਧਾਲੀਵਾਲ ਨੇ ਦੱਸਿਆ ਕਿ ਲੀਗ ਲਈ ਖਿਡਾਰੀਆਂ ਦੇ ਚੋਣ ਲਈ ਟਰਾਇਲ 12 ਅਪ੍ਰੈਲ ਨੂੰ ਸਵੇਰੇ 10:30 ਵਜੇ ਗੁਰੂ ਨਾਨਕ ਸਟੇਡੀਅਮ, ਲੁਧਿਆਣਾ ਵਿਚ ਕਰਵਾਏ ਜਾ ਰਹੇ ਹਨ | ਇਸ ਟਰਾਇਲ ਵਿਚੋਂ ਹੀ 4 ਪੁਰਸ਼ ਅਤੇ 4 ਮਹਿਲਾ ਟੀਮਾਂ ਦੀ ਚੋਣ ਕੀਤੀ ਜਾਵੇਗੀ | ਉਨਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਰਸ਼ ਵਰਗ ਲਈ ਯੋਗਤਾ ਮਿਤੀ 01.01.2008 ਅਤੇ ਮਹਿਲਾ ਵਰਗ ਲਈ 01.01.2006 ਨਿਰਧਾਰਿਤ ਕੀਤੀ ਗਈ ਹੈ | ਉਨਾਂ ਕਿਹਾ ਕਿ ਲੀਗ ਦਾ ਉਦਘਾਟਨ ਸਮਾਰੋਹ 18 ਅਪ੍ਰੈਲ ਨੂੰ ਗੁਰੂ ਨਾਨਕ ਸਟੇਡੀਅਮ, ਲੁਧਿਆਣਾ ਵਿਚ ਹੋਵੇਗਾ, ਜਦਕਿ ਸਮਾਪਤੀ ਸਮਾਰੋਹ 20 ਜੂਨ ਨੂੰ ਉਸੇ ਸਥਾਨ 'ਤੇ ਕਰਵਾਇਆ ਜਾਵੇਗਾ | ਇਸ ਲੀਗ ਦੇ ਸਾਰੇ ਮੈਚ ਰਾਊਾਡ ਰੋਬਿਨ ਫਾਰਮੈਟ ਅਧੀਨ ਖੇਡੇ ਜਾਣਗੇ ਅਤੇ ਫਾਈਨਲ ਮੈਚ ਸਿਖਰ ਦੀਆਂ ਦੋ ਟੀਮਾਂ ਵਿਚਕਾਰ ਹੋਵੇਗਾ | ਇਨਾਮਾਂ ਬਾਰੇ ਦੱਸਦਿਆਂ ਉਨਾਂ ਕਿਹਾ ਕਿ ਜੇਤੂ ਟੀਮ ਨੂੰ 1,50,000 ਰੁਪਏ, ਰਨਰਅਪ ਟੀਮ ਨੂੰ 1,00,000 ਰੁਪਏ ਦਿੱਤੇ ਜਾਣਗੇ, ਜਦਕਿ ਹਰ ਮੈਚ ਦਾ 'ਮੈਨ ਆਫ਼ ਦ ਮੈਚ' 10,000 ਰੁਪਏ ਪ੍ਰਾਪਤ ਕਰੇਗਾ | ਇਸ ਤੋਂ ਇਲਾਵਾ ਪੁਰਸ਼ ਵਰਗ ਦੇ ਐਮ.ਵੀ.ਪੀ. ਨੂੰ ਬੁਲਟ ਮੋਟਰਸਾਈਕਲ ਅਤੇ ਮਹਿਲਾ ਵਰਗ ਦੀ ਐਮ.ਵੀ.ਪੀ. ਨੂੰ ਹੌਂਡਾ ਐਕਟੀਵਾ ਇਨਾਮ ਵਜੋਂ ਦਿੱਤੀ ਜਾਵੇਗੀ | ਅੰਤ ਵਿਚ ਤੇਜਾ ਸਿੰਘ ਧਾਲੀਵਾਲ ਨੇ ਸਾਰੇ ਖਿਡਾਰੀਆਂ ਨੂੰ ਅਪੀਲ ਕੀਤੀ ਕਿ ਉਹ ਵੱਧ ਚੜ ਕੇ 12 ਅਪ੍ਰੈਲ ਦੇ ਟਰਾਇਲ ਵਿਚ ਹਿੱਸਾ ਲੈਣ ਅਤੇ ਇਸ ਲੀਗ ਨੂੰ ਕਾਮਯਾਬ ਬਣਾਉਣ ਵਿਚ ਆਪਣਾ ਯੋਗਦਾਨ ਪਾਉਣ |