ਲੁਧਿਆਣਾ, 11 ਅਪ੍ਰੈਲ (ਜਤਿੰਦਰ ਭੰਬੀ)-ਖ਼ਾਲਸਾ ਕਾਲਜ ਫ਼ਾਰ ਵੁਮੈਨ 'ਚ 63ਵਾਂ ਇਨਾਮ ਵੰਡ ਸਮਾਰੋਹ ਕਾਲਜ ਆਡੀਟੋਰੀਅਮ ਵਿਚ ਕਰਵਾਇਆ ਗਿਆ | ਇਸ ਮੌਕੇ ਜਸਟਿਸ ਰਿਤੂ ਬਾਹਰੀ ਸਾਬਕਾ ਮੁੱਖ ਜੱਜ ਉਤਰਾਖੰਡ ਹਾਈ ਕੋਰਟ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਕਾਲਜ ਮੈਨੇਜਿੰਗ ਕਮੇਟੀ ਦੇ ਮੈਂਬਰ ਕੁਸ਼ਲ ਢਿੱਲੋਂ, ਮੈਨੇਜਰ ਡਾਇਰੈਕਟਰ ਡਾ. ਮੁਕਤੀ ਗਿੱਲ ਅਤੇ ਕਾਲਜ ਪਿ੍ੰਸੀਪਲ ਡਾ. ਕਮਲਜੀਤ ਗਰੇਵਾਲ ਨੇ ਮੁੱਖ ਮਹਿਮਾਨ ਦਾ ਨਿੱਘਾ ਸਵਾਗਤ ਕੀਤਾ | ਪ੍ਰੋਗਰਾਮ ਦੀ ਸ਼ੁਰੂਆਤ ਸ਼ਬਦ ਗਾਇਣ ਨਾਲ ਕੀਤੀ ਗਈ | ਕਾਲਜ ਦੀ ਸਾਲਾਨਾ ਰਿਪੋਰਟ ਮਲਟੀ ਮੀਡੀਆ ਰਾਹੀਂ ਪੇਸ਼ ਕੀਤੀ ਗਈ, ਜਿਸ ਵਿਚ ਅਕਾਦਮਿਕ ਸਾਲ ਦੌਰਾਨ ਸੰਸਥਾ ਦੀਆਂ ਵੱਖ-ਵੱਖ ਗਤੀਵਿਧੀਆਂ ਅਤੇ ਪ੍ਰਾਪਤੀਆਂ ਨੂੰ ਉਜਾਗਰ ਕੀਤਾ ਗਿਆ | ਵਿਦਿਆਰਥੀਆਂ ਵਲੋਂ ਯੂਨੀਵਰਸਿਟੀ ਪ੍ਰੀਖਿਆਵਾਂ ਵਿਚ ਕ੍ਰਮਵਾਰ 9 ਪਹਿਲੇ, 6 ਦੂਜੇ ਅਤੇ 12 ਤੀਜੇ ਸਥਾਨ ਪ੍ਰਾਪਤ ਕਰਕੇ ਕੀਤੀਆਂ ਗਈਆਂ 93 ਪਹਿਲੀਆਂ 10 ਪੁਜ਼ੀਸ਼ਨਾਂ ਨੂੰ ਦੇਖਦੇ ਹੋਏ ਵਿਦਿਆਰਥੀਆਂ ਨੂੰ ਸਨਮਾਨ ਕੀਤਾ ਗਿਆ | ਕਾਲਜ ਪਿ੍ੰਸੀਪਲ ਡਾ. ਕਮਲਜੀਤ ਗਰੇਵਾਲ ਨੇ ਪ੍ਰਬੰਧਕੀ ਕਮੇਟੀ ਦਾ ਸੰਸਥਾ ਦੇ ਸੁਚਾਰੂ ਕੰਮਕਾਜ ਨੂੰ ਯਕੀਨੀ ਬਣਾਉਣ ਲਈ ਉਨ੍ਹਾਂ ਦੇ ਅਣਥੱਕ ਯਤਨਾਂ ਲਈ ਧੰਨਵਾਦ ਕੀਤਾ | ਮੁੱਖ ਮਹਿਮਾਨ ਅਤੇ ਪ੍ਰਬੰਧਕੀ ਕਮੇਟੀ ਦੇ ਮੈਂਬਰਾਂ ਨੇ ਵੱਖ-ਵੱਖ ਖੇਤਰਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਲਈ ਹੋਣਹਾਰ ਵਿਦਿਆਰਥੀਆਂ ਨੂੰ ਇਨਾਮ ਵੰਡੇ | ਪੰਜਾਬੀ ਵਿਭਾਗ ਦੀ ਅਧਿਆਪਕਾ ਡਾ. ਕੰਵਲਜੀਤ ਕੌਰ ਅਤੇ ਬੀ.ਐਸ.ਸੀ. ਭਾਗ ਪਹਿਲਾ ਮੈਡੀਕਲ ਦੀ ਵਿਦਿਆਰਥਣ ਨਿਧੀ ਨੂੰ ਸਰਵੋਤਮ ਲਾਇਬ੍ਰੇਰੀ ਉਪਭੋਗਤਾ ਪੁਰਸਕਾਰ ਦਿੱਤੇ ਗਏ | ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕਰਦੇ ਹੋਏ ਮੁੱਖ ਮਹਿਮਾਨ ਨੇ ਪਿ੍ੰਸੀਪਲ, ਡਾਇਰੈਕਟਰ, ਮੈਨੇਜਮੈਂਟ ਅਤੇ ਸਟਾਫ਼ ਨੂੰ ਪ੍ਰਾਪਤੀਆਂ ਦੇ ਵਧਦੇ ਗ੍ਰਾਫ ਨੂੰ ਕਾਇਮ ਰੱਖਣ ਲਈ ਵਧਾਈ ਦਿੱਤੀ |