ਲੁਧਿਆਣਾ, 11 ਅਪ੍ਰੈਲ (ਜਤਿੰਦਰ ਭੰਬੀ)-ਡਾ. ਖੇਮ ਸਿੰਘ ਗਿੱਲ ਕਿਸਾਨ ਸਲਾਹ ਸੇਵਾ ਕੇਂਦਰ ਹਾਲ ਵਿਚ ਪੀ.ਏ.ਯੂ. ਦੇ ਖੋਜ ਅਤੇ ਪਸਾਰ ਮਾਹਿਰਾਂ ਦੀ ਮਹੀਨਾਵਾਰ ਮੀਟਿੰਗ ਦੀ ਪ੍ਰਧਾਨਗੀ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਵਲੋਂ ਕੀਤੀ ਗਈ | ਇਸ ਮੌਕੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ | ਉਨਾਂ ਪਸਾਰ ਮਾਹਿਰਾਂ ਨੂੰ ਇਸ ਗੱਲ ਲਈ ਸੱਦਾ ਦਿੱਤਾ ਕਿ ਉਹ ਆਉਂਦੀ ਸਾਉਣੀ ਰੁੱਤ ਵਿਚ ਝੋਨੇ ਦੀ ਬਿਜਾਈ ਲਈ ਪੀ.ਏ.ਯੂ. ਦੀਆਂ ਕਿਸਮਾਂ ਦੇ ਮਹੱਤਵ ਬਾਰੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇ | ਡਾ. ਢੱਟ ਨੇ ਜੀਵਾਣੂੰ ਖਾਦਾਂ ਵੱਲ ਧਿਆਨ ਦਿਵਾਉਂਦੇ ਹੋਏ ਇਨਾਂ ਦੀ ਵਰਤੋਂ ਰਾਹੀਂ ਜ਼ਮੀਨ ਦੀ ਸਿਹਤ ਸੁਧਾਰਨ ਲਈ ਹੋਰ ਹੀਲੇ ਕਰਨ ਦਾ ਸੱਦਾ ਦਿੱਤਾ | ਸਵਾਗਤੀ ਸ਼ਬਦ ਬੋਲਦਿਆਂ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਮੌਸਮ ਦੀ ਮੌਜੂਦਾ ਗੜਬੜੀ ਅਤੇ ਇਸਦੇ ਫ਼ਸਲਾਂ ਉੱਪਰ ਪ੍ਰਭਾਵ ਸੰਬੰਧੀ ਚਿੰਤਾ ਜ਼ਾਹਿਰ ਕੀਤੀ | ਉਨਾਂ ਕਿਹਾ ਕਿ ਸਹਾਇਕ ਕਿੱਤਿਆਂ ਨੂੰ ਅਪਣਾ ਕੇ ਕਿਸਾਨੀ ਪਰਿਵਾਰਾਂ ਦੀ ਨਿਰੰਤਰ ਆਮਦਨ ਵਿਚ ਵਾਧਾ ਕਰਨ ਦੀਆਂ ਸਿਫ਼ਾਰਸ਼ਾਂ ਪੀ.ਏ.ਯੂ. ਨੇ ਕੀਤੀਆਂ ਹਨ| ਆਮ ਕਿਸਾਨਾਂ ਤੱਕ ਇਹਨਾਂ ਸਿਫ਼ਾਰਸ਼ਾਂ ਨੂੰ ਪਹੁੰਚਾਉਣਾ ਬੇਹੱਦ ਲਾਜ਼ਮੀ ਹੈ | ਇਸ ਦਿਸ਼ਾ ਵਿਚ ਫਲਾਂ, ਸਬਜ਼ੀਆਂ ਅਤੇ ਮੁੱਖ ਫਸਲਾਂ ਦੀਆਂ ਨਵੀਆਂ ਕਿਸਮਾਂ ਅਤੇ ਉਤਪਾਦਨ ਤਕਨੀਕਾਂ ਦੇ ਨਾਲ-ਨਾਲ ਕੀੜਿਆਂ ਅਤੇ ਬਿਮਾਰੀਆਂ ਦੀ ਰੋਕਥਾਮ ਲਈ ਲੋੜੀਂਦੀਆਂ ਪਹਿਲਕਦਮੀਆਂ ਕੀਤੀਆਂ ਜਾ ਰਹੀਆਂ ਹਨ | ਇਸ ਮੌਕੇ ਧੰਨਵਾਦ ਦੇ ਸ਼ਬਦ ਡਾ. ਗੁਰਪ੍ਰੀਤ ਸਿੰਘ ਮੱਕੜ ਨੇ ਕਹੇ ਅਤੇ ਮੀਟਿੰਗ ਵਿਚ ਪੀ.ਏ.ਯੂ. ਦੇ ਵੱਖ-ਵੱਖ ਵਿਭਾਗਾਂ ਦੇ ਮਾਹਿਰਾਂ ਤੋਂ ਬਿਨਾਂ ਕਿ੍ਸ਼ੀ ਵਿਗਿਆਨ ਕੇਂਦਰਾਂ, ਕਿਸਾਨ ਸਲਾਹ ਸੇਵਾ ਕੇਂਦਰਾਂ ਅਤੇ ਖੇਤਰੀ ਖੋਜ ਕੇਂਦਰਾਂ ਦੇ ਵਿਗਿਆਨੀ ਮੌਜ਼ੂਦ ਸਨ |