ਲੁਧਿਆਣਾ, 16 ਅਪ੍ਰੈਲ (ਜਤਿੰਦਰ ਭੰਬੀ)-ਥਾਣਾ ਸਲੇਮਟਾਬਰੀ ਅਧੀਨ ਆਉਂਦੇ ਪਿੰਡ ਹੁਸੈਨਪੁਰਾ ਐਲਡੀਕੋ ਅਸਟੇਟ 'ਚ ਘਰ ਵਿਚੋਂ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਮਾਮਲੇ ਵਿਚ ਪੁਲਿਸ ਨੇ ਕੇਸ ਦਰਜ ਕੀਤਾ ਹੈ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਮੀਤਾ ਸ਼੍ਰੀਵਾਸਤਵ ਨੇ ਦੱਸਿਆ ਕਿ ਮੁਲਜ਼ਮਾਂ ਵਲੋਂ ਉਸ ਦੀ ਗੈਰ ਹਾਜ਼ਰੀ ਵਿਚ ਘਰ ਅੰਦਰ ਦਾਖ਼ਲ ਹੋ ਕੇ ਘਰ ਦਾ ਜ਼ਰੂਰੀ ਸਾਮਾਨ ਫਰਿੱਜ, ਵਾਸ਼ਿੰਗ ਮਸ਼ੀਨ, ਐਲ.ਈ.ਡੀ., ਸੋਫ਼ਾ ਸੈੱਟ, ਗੈਸ ਚੂਲਾ ਅਤੇ ਚਿਮਨੀ, ਡਾਇਨਿੰਗ ਟੇਬਲ ਅਤੇ ਹੋਰ ਦਸਤਾਵੇਜ਼ ਚੋਰੀ ਕਰਕੇ ਕਰੀਬ 56 ਲੱਖ 20 ਹਜ਼ਾਰ ਰੁਪਏ ਦੀ ਠੱਗੀ ਕਰਕੇ ਧੋਖਾਧੜੀ ਕੀਤੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ | ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਜਤਿੰਦਰ ਕੁਮਾਰ ਨੇ ਦੱਸਿਆ ਕਿ ਮੁੱਦਈ ਦੇ ਬਿਆਨਾਂ 'ਤੇ ਅਸ਼ੋਕ ਕੁਮਾਰ ਅਤੇ ਸੋਇਲ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ |