ਲੁਧਿਆਣਾ, 17 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਖਾਲਸਾ ਪੰਥ ਦੇ ਸਾਜਣਾ ਦਿਵਸ ਨੂੰ ਬੜੀ ਸ਼ਰਧਾ ਭਾਵਨਾ ਨਾਲ ਮਨਾਉਂਦਿਆਂ ਬੀਤੀ ਸ਼ਾਮ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ 1 ਦੁੱਗਰੀ ਵਿਖੇ ਮਹਾਨ ਕਵੀ ਦਰਬਾਰ ਗੁਰਦਵਾਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਨਿੱਘੇ ਸਹਿਯੋਗ ਨਾਲ ਕਰਵਾਇਆ ਗਿਆ | ਕਵੀ ਦਰਬਾਰ ਵਿਚ ਇਕੱਤਰ ਸੰਗਤਾਂ ਨੂੰ ਖਾਲਸਾ ਪੰਥ ਦੀ ਸਾਜਣਾ ਦੀ ਮਹੱਤਤਾ ਸਬੰਧੀ ਸੰਬੋਧਨ ਕਰਦਿਆਂ ਕੌਮਾਂਤਰੀ ਪੰਜਾਬੀ ਕਵੀ ਤੇ ਪੰਜਾਬ ਦੇ ਰਫ਼ੀ ਵਜੋਂ ਜਾਣੇ ਜਾਂਦੇ ਰਸ਼ਪਾਲ ਸਿੰਘ ਪਾਲ ਨੇ ਕਿਹਾ ਕਿ ਖਾਲਸਾ ਪੰਥ ਦੇ ਸਿਰਜਣਹਾਰ ਦਸਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਿੱਥੇ ਜਬਰ ਤੇ ਜ਼ੁਲਮ ਖ਼ਿਲਾਫ਼ ਆਪਣੀ ਆਵਾਜ਼ ਬੁਲੰਦ ਕੀਤੀ, ਉਥੇ ਆਪਣੀ ਕਲਮ ਰਾਹੀਂ ਨਵੀਂ ਸਮਾਜਿਕ ਕ੍ਰਾਂਤੀ ਲਿਆਉਣ ਵਿਚ ਵੀ ਆਪਣੀ ਅਹਿਮ ਭੂਮਿਕਾ ਨਿਭਾਈ | ਰਸ਼ਪਾਲ ਸਿੰਘ ਪਾਲ ਨੂੰ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਬੈਨੀਪਾਲ ਤੇ ਉਨ੍ਹਾਂ ਦੇ ਸਾਥੀਆਂ ਨੇ ਸਾਰੇ ਕਵੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਰੇ ਗੁਰਦੁਆਰਾ ਸਾਹਿਬ ਦੀਆਂ ਸਾਰੀਆਂ ਕਮੇਟੀਆਂ ਨੂੰ ਇਹੋ ਜਿਹੇ ਉਪਰਾਲੇ ਕਰਨੇ ਚਾਹੀਦੇ ਹਨ | ਕਵੀ ਦਰਬਾਰ ਵਿਚ ਭਾਗ ਲੈਣ ਵਾਲੇ ਸਮੂਹ ਕਵੀਆ ਦਾ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਸਿਰੋਪਾਉ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਪ੍ਰਮੁੱਖ ਅਹੁਦੇਦਾਰ ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਬੈਨੀਪਾਲ, ਚੇਅਰਮੈਨ ਬਲਜੀਤ ਸਿੰਘ ਸੇਠੀ, ਪਰਮਿੰਦਰ ਸਿੰਘ, ਕਰਤਾਰ ਸਿੰਘ ਬਰਾੜ, ਬਲਬੀਰ ਸਿੰਘ, ਸਰਬਜੀਤ ਸਿੰਘ ਚੱਗਰ, ਜਗਮੋਹਨ ਸਿੰਘ, ਦਰਸ਼ਨ ਸਿੰਘ, ਰਜਿੰਦਰ ਸਿੰਘ ਭਾਟੀਆ, ਜਗਜੀਵਨ ਸਿੰਘ ਸੋਨਪਾਲ, ਚਰਨਜੀਤ ਸਿੰਘ ਪਾਇਲ, ਮਨਜੀਤ ਸਿੰਘ ਪਾਇਲ, ਯਸ਼ਪਾਲ ਸਿੰਘ, ਡਾਕਟਰ ਪੇ੍ਰਮ ਸਿੰਘ ਚਾਵਲਾ, ਗੁਰਦੀਪ ਸਿੰਘ ਕਾਲੜਾ, ਸੋਹਨ ਸਿੰਘ, ਜੋਗਿੰਦਰ ਸਿੰਘ, ਉਂਕਾਰ ਸਿੰਘ, ਗੁਰਵਿੰਦਰ ਸਿੰਘ ਚਾਵਲਾ, ਹਰਮੀਤ ਸਿੰਘ ਹਾਜ਼ਰ ਸਨ |