ਫੁੱਲਾਂਵਾਲ, 19 ਅਪ੍ਰੈਲ (ਮਨਜੀਤ ਸਿੰਘ ਦੁੱਗਰੀ)-ਡੀ.ਏ.ਵੀ. ਪਬਲਿਕ ਸਕੂਲ, ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਪੱਖੋਵਾਲ ਰੋਡ, ਲੁਧਿਆਣਾ ਵਿਖੇ ਮਹਾਤਮਾ ਹੰਸਰਾਜ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਅਤੇ ਸਤਿਕਾਰ ਸਹਿਤ ਮਨਾਇਆ ਗਿਆ | ਪਵਿੱਤਰ ਹਵਨ ਅਤੇ ਫੁੱਲ ਭੇਟ ਕਰਕੇ ਸਮੂਹ ਸਕੂਲ ਪਰਿਵਾਰ ਨੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਉਨ੍ਹਾਂ ਦੇ ਨੇਕ ਆਦਰਸ਼ਾਂ ਨੂੰ ਯਾਦ ਕੀਤਾ | ਆਡੀਟੋਰੀਅਮ ਵਿਚ ਹੋਏ ਰਸਮੀ ਸਮਾਗਮ ਦੀ ਸ਼ੁਰੂਆਤ ਮਹਿਮਾਨਾਂ ਦੇ ਨਿੱਘੇ ਸਵਾਗਤ ਨਾਲ ਗਾਇਤਰੀ ਮੰਤਰ ਦੇ ਜਾਪ ਨਾਲ ਹੋਈ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਡਾ. ਸਤਵੰਤ ਕੌਰ ਭੁੱਲਰ ਨੇ ਵਿਦਿਆਰਥੀਆਂ ਨੂੰ ਆਪਣਾ ਅਸ਼ੀਰਵਾਦ ਦਿੱਤਾ ਅਤੇ ਇਕ ਪ੍ਰੇਰਨਾਦਾਇਕ ਭਾਸ਼ਣ ਦਿੱਤਾ | ਉਨ੍ਹਾਂ ਨੇ ਮਹਾਤਮਾ ਹੰਸਰਾਜ ਜੀ ਦੇ ਜੀਵਨ , ਸੇਵਾ, ਸਮਰਪਣ ਅਤੇ ਸਿੱਖਿਆ ਦੀ ਮਹੱਤਤਾ ਵਰਗੀਆਂ ਕਦਰਾਂ-ਕੀਮਤਾਂ ਤੇ ਚਾਨਣਾ ਪਾਇਆ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਇਨ੍ਹਾਂ ਆਦਰਸ਼ਾਂ ਨੂੰ ਅਪਣਾਉਣ ਅਤੇ ਇਕ ਨੈਤਿਕ ਤੌਰ ਤੇ ਮਜ਼ਬੂਤ ਅਤੇ ਅਗਾਂਹਵਧੂ ਸਮਾਜ ਦੀ ਸਿਰਜਣਾ ਵਿਚ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਡਾ. ਪੂਜਾ ਵਰਮਾ ਵਲੋਂ ਸਿਹਤਮੰਦ ਖ਼ੁਰਾਕ ਅਤੇ ਸਿਹਤਮੰਦ ਆਦਤਾਂ ਵਿਸ਼ੇ 'ਤੇ ਇਕ ਗਿਆਨਵਾਨ ਸੈਸ਼ਨ ਵੀ ਲਿਆ ਗਿਆ | ਸਮਾਗਮ ਦਾ ਸਮਾਪਨ ਸ਼ਾਂਤੀ ਪਾਠ ਨਾਲ ਹੋਇਆ, ਜਿਸ ਵਿਚ ਸਾਰਿਆਂ ਲਈ ਸ਼ਾਂਤੀ ਅਤੇ ਸਦਭਾਵਨਾ ਦੀ ਕਾਮਨਾ ਕੀਤੀ ਗਈ |