ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ 'ਜਾਗਤ ਜੋਤ' ਬਿੱਲ ਨੂੰ ਮਨਜ਼ੂਰੀ ਮਿਲਣ 'ਤੇ ਕੈਬਨਿਟ ਮੰਤਰੀ ਮੁੰਡੀਆਂ ਨੇ ਦਿੱਤੀ ਸੰਗਤਾਂ ਨੂੰ ਵਧਾਈ
20-04-2026
ਲੁਧਿਆਣਾ, 19 ਅਪ੍ਰੈਲ (ਜਤਿੰਦਰ ਭੰਬੀ)-ਵਿਧਾਨ ਸਭਾ ਵਿਚ ਵੱਖ-ਵੱਖ ਸੰਤ-ਮਹਾਂਪੁਰਸ਼ਾਂ ਦੀ ਮੌਜੂਦਗੀ ਵਿਚ ਵਿਸਾਖੀ ਦੇ ਦਿਹਾੜੇ ਮੌਕੇ ਬੇਅਦਬੀ ਦੇ ਮਾਮਲਿਆਂ ਨੂੰ ਰੋਕਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਪੇਸ਼ ਕੀਤੇ ਗਏ 'ਜਾਗਤ ਜੋਤ' ਬਿੱਲ ਨੂੰ ਗਵਰਨਰ ਗੁਲਾਬ ਚੰਦ ਕਟਾਰੀਆ ਵਲੋਂ ਮਨਜ਼ੂਰੀ ਦੇਣ ਤੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ | ਉਨ੍ਹਾਂ ਕਿਹਾ ਕਿ ਬਿੱਲ ਪਾਸ ਹੋਣ ਨਾਲ ਸਿੱਖ ਸੰਗਤਾਂ ਹੀ ਨਹੀਂ ਬਲਕਿ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰਨ ਵਾਲੇ ਹਰ ਇਕ ਵਿਅਕਤੀ ਵਿਚ ਖ਼ੁਸ਼ੀ ਦੀ ਲਹਿਰ ਹੈ | ਉਨ੍ਹਾਂ ਕਿਹਾ ਕਿ ਹਰ ਇਕ ਵਿਅਕਤੀ ਸੋਸ਼ਲ ਮੀਡੀਆ ਜ਼ਰੀਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਬਿੱਲ 'ਚ ਕੀਤੀ ਸੋਧ ਦੀ ਸ਼ਲਾਘਾ ਕਰ ਰਿਹਾ ਹੈ | ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਇਸ ਬਿੱਲ ਵਿਚ ਕੀਤੀ ਗਈ ਸੋਧ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਬਿੱਲ ਦੇ ਪਾਸ ਹੋਣ ਨਾਲ ਸੂਬੇ ਵਿਚ ਬੇਅਦਬੀ ਦੀਆਂ ਘਟਨਾਵਾਂ ਨੂੰ ਵਿਰਾਮ ਲੱਗੇਗਾ ਕਿਉਂਕਿ ਇਸ ਬਿੱਲ ਵਿਚ ਸੋਧ ਕਰਨ ਨਾਲ ਇਹ ਬਿੱਲ ਹੁਣ ਸਖ਼ਤ ਕਾਨੂੰਨ ਬਣ ਗਿਆ ਹੈ |