ਗੁਰਦਾਸਪੁਰ, 19 ਅਪ੍ਰੈਲ (ਚੱਕਰਾਜਾ)- ਗੁਰਦਾਸਪੁਰ ਸ਼ਹਿਰ ਵਿਚ ਦਾਖ਼ਲੇ ਤੇ ਬੱਬਰੀ ਬਾਈਪਾਸ ਚੌਕ ਹੌਲੀ-ਹੌਲੀ ਜ਼ਿਲ੍ਹੇ ਦੇ ਸਭ ਤੋਂ ਖਤਰਨਾਕ ਸਥਾਨਾਂ 'ਚ ਸ਼ਾਮਿਲ ਹੁੰਦਾ ਜਾ ਰਿਹਾ ਹੈ | ਵੱਧ ਰਹੇ ਸੜਕ ਹਾਦਸਿਆਂ ਕਾਰਨ ਇਲਾਕਾ ਵਾਸੀਆਂ ਵਿਚ ਡਰ ਦਾ ਮਾਹੌਲ ਬਣ ਗਿਆ ਹੈ ਅਤੇ ਲੋਕ ਇਸ ਨੰੂ ਮੌਤ ਦਾ ਚੌਕ ਕਹਿਣ ਲੱਗ ਪਏ ਹਨ | ਪਿਛਲੇ ਇਕ ਸਾਲ ਦੌਰਾਨ ਕਰੀਬ 25 ਤੋਂ 30 ਹਾਦਸੇ ਇੱਥੇ ਵਾਪਰੇ ਹਨ ਜਿਨ੍ਹਾਂ ਵਿਚੋਂ 6 ਤੋਂ 8 ਜਾਨਲੇਵਾ ਸਾਬਤ ਹੋਏ ਹਨ ਜਦਕਿ ਕਈ ਲੋਕ ਗੰਭੀਰ ਰੂਪ ਵਿਚ ਜ਼ਖ਼ਮੀ ਹੋਏ ਹਨ | ਹਾਲ ਹੀ ਵਿਚ ਚੌਕ 'ਚ ਬੱਸ ਤੇ ਕਾਰ ਦੀ ਭਿਆਨਕ ਟੱਕਰ ਹੋਈ ਜਿਸ ਵਿਚ ਕਈ ਯਾਤਰਾ ਜ਼ਖ਼ਮੀ ਹੋ ਗਏ ਤੇ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ | ਸਥਾਨਕ ਲੋਕਾਂ ਅਨੁਸਾਰ ਇਸ ਸਮੱਸਿਆ ਦਾ ਇਕ ਵੱਡਾ ਕਾਰਨ ਇਹ ਹੈ ਕਿ ਸਿਵਲ ਹਸਪਤਾਲ ਗੁਰਦਾਸਪੁਰ ਮੁੱਖ ਸੜਕ 'ਤੇ ਬਾਈਪਾਸ ਚੌਕ ਦੇ ਨੇੜੇ ਸਥਿਤ ਹੈ |ਜਿਸ ਕਾਰਨ ਇੱਥੇ ਆਵਾਜਾਈ ਬਹੁਤ ਵੱਧ ਰਹਿੰਦੀ ਹੈ | ਲੋਕਾਂ ਦੱਸਿਆ ਕਿ ਹਸਪਤਾਲ ਤੋਂ ਵਾਪਸ ਆਉਣ ਵਾਲੇ ਕਈ ਵਾਹਨ ਬੱਬਰੀ ਪਿੰਡ ਵੱਲ ਜਾ ਕੇ ਪੁਲ ਦੀ ਵਰਤੋਂ ਕਰਨ ਦੀ ਬਜਾਏ ਸਿੱਧੇ ਬਾਈਪਾਸ 'ਤੇ ਚੜ੍ਹਨ ਦੀ ਕੋਸ਼ਿਸ਼ ਕਰਦੇ ਹਨ ਜਿਸ ਨਾਲ ਤੇਜ਼ ਰਫਤਾਰ ਨਾਲ ਆ ਰਹੇ ਵਾਹਨਾਂ ਨਾਲ ਟੱਕਰ ਹੋਣ ਕਾਰਨ ਹਾਦਸਿਆਂ ਵਿਚ ਵਾਧਾ ਹੋ ਰਿਹਾ ਹੈ | ਇਸ ਤੋਂ ਇਲਾਵਾ ਚੌਕ 'ਤੇ ਟ੍ਰੈਫਿਕ ਸਿਗਨਲਾਂ ਦੀ ਕਮੀ, ਘੱਟ ਰੌਸ਼ਨੀ, ਰੋਡ ਮਾਰਕਿੰਗ ਤੇ ਚਿਤਾਵਨੀ ਬੋਰਡਾਂ ਦੀ ਘਾਟ ਹਾਦਸਿਆਂ ਨੰੂ ਹੋਰ ਵਧਾ ਰਹੀ ਹੈ | ਬਾਈਪਾਸ 'ਤੇ ਭਾਰੀ ਵਾਹਨਾਂ ਦੀ ਤੇਜ਼ ਰਫਤਾਰ ਅਤੇ ਗ਼ਲਤ ਕੱਟ ਵੀ ਇਸ ਨੰੂ ਹਾਦਸਿਆਂ ਦਾ ਕੇਂਦਰ ਬਣਾ ਰਹੇ ਹਨ | ਪਠਾਨਕੋਟ ਵਾਲੇ ਪਾਸੇ ਤੋਂ ਆਉਣ ਵਾਲੇ ਵਾਹਨ ਜਦੋਂ ਪੁਲ ਤੋਂ ਹੇਠਾਂ ਉਤਰਦੇ ਹਨ ਤਾਂ ਸਪੀਡ ਕਾਫ਼ੀ ਤੇਜ਼ ਹੁੰਦੀ ਹੈ | ਬਿਲਕੁਲ ਅੱਗੇ ਟੇਡਾ ਮੋੜ ਹੋਣ ਕਾਰਨ ਵੱਡੇ ਹਾਦਸੇ ਹੋਣਾ ਸੁਭਾਵਿਕ ਹੈ, ਕਿਉਂਕਿ ਇਸ ਪਾਸੇ ਅੱਗੇ ਖਤਰਨਾਕ ਮੋੜ ਹੋਣ ਦਾ ਕੋਈ ਸਿਗਨਲ ਨਹੀਂ ਮਿਲਦਾ ਜੋ ਹਾਦਸਿਆਂ ਵਿਚ ਵਾਧਾ ਕਰਦਾ ਹੈ | ਇਲਾਕਾ ਵਾਸੀਆਂ ਤੇ ਵਪਾਰੀਆਂ ਨੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਇੱਥੇ ਟ੍ਰੈਫਿਕ ਸਿਸਟਮ ਨੰੂ ਸੁਧਾਰਨ ਲਈ ਜਲਦੀ ਕਦਮ ਚੁੱਕੇ ਜਾਣ | ਉਨ੍ਹਾਂ ਦਾ ਕਹਿਣਾ ਹੈ ਕਿ ਚੌਕ 'ਤੇ ਟ੍ਰੈਫਿਕ ਸਿਗਨਲ ਅਤੇ ਢੁੱਕਵੇਂ ਡਾਇਵਰਸ਼ਨ ਲਗਾਏ ਜਾਣ ਅਤੇ ਸਿਵਲ ਹਸਪਤਾਲ ਵਾਲੇ ਪਾਸੇ ਤੋਂ ਆਵਾਜਾਈ ਨੰੂ ਬੱਬਰੀ ਪੁਲ ਦੇ ਹੇਠਾਂ ਦੀ ਸਹੀ ਪਾਸੇ ਤੋਂ ਵਰਤੋਂ ਨੰੂ ਲਾਜ਼ਮੀ ਬਣਾਇਆ ਜਾਵੇ | ਇਸ ਦੇ ਨਾਲ ਹੀ ਪੀਕ ਸਮੇਂ ਦੌਰਾਨ ਟਰੈਫ਼ਿਕ ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ ਨੰੂ ਯਕੀਨੀ ਬਣਾਇਆ ਜਾਵੇ ਅਤੇ ਸਪੀਡ ਬਰੇਕਰਾਂ ਤੇ ਰੰਬਲ ਸਟਿ੍ਪਾਂ ਦਾ ਨਿਰਮਾਣ ਕੀਤਾ ਜਾਵੇ | ਲੋਕਾਂ ਨੇ ਇਹ ਵੀ ਜ਼ੋਰ ਦਿੱਤਾ ਕਿ ਚੌਕ 'ਤੇ ਹਾਈ ਮਾਸਟ ਲਾਈਟਾਂ ਅਤੇ ਰਿਫਲੈਕਟਰ ਲਗਾਉਣਾ ਬਹੁਤ ਜ਼ਰੂਰੀ ਹਨ |