ਬਟਾਲਾ, 19 ਅਪ੍ਰੈਲ (ਸਤਿੰਦਰ ਸਿੰਘ)- ਸ਼ੱਕੀ ਹਾਲਾਤਾਂ ਵਿਚ ਲਾਪਤਾ ਹੋਈ ਔਰਤ ਦੇ ਪਰਿਵਾਰਕ ਮੈਂਬਰਾਂ ਨੇ ਐੱਸ.ਐੱਸ.ਪੀ. ਬਟਾਲਾ ਨੂੰ ਲਿਖਤੀ ਸ਼ਿਕਾਇਤ ਦੇ ਕੇ ਪਿੰਡ ਦੇ ਇਕ ਵਿਅਕਤੀ 'ਤੇ ਸੰਗੀਨ ਦੋਸ਼ ਲਗਾਏ ਹਨ | ਇਸ ਸੰਬੰਧੀ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਬੂਆ ਦਾਸ ਪੁੱਤਰ ਲੱਖਾ ਰਾਮ ਵਾਸੀ ਪਿੰਡ ਕਲੇਰ ਖੁਰਦ ਤੇ ਹੋਰਨਾਂ ਨੇ ਦੱਸਿਆ ਕਿ ਉਸ ਦੀ ਪਤਨੀ ਰਾਣੀ ਮਿਤੀ 10 ਅਪ੍ਰੈਲ ਨੂੰ ਪਿੰਡ ਦੇ ਇਕ ਵਿਅਕਤੀ ਦੇ ਘਰ ਕਮੇਟੀ ਦੀ ਬੋਲੀ ਦੇਣ ਵਾਸਤੇ ਗਈ ਸੀ ਪਰ ਕਾਫ਼ੀ ਸਮਾਂ ਬੀਤ ਜਾਣ ਦੇ ਬਾਅਦ ਜਦੋਂ ਉਸ ਦੀ ਪਤਨੀ ਰਾਣੀ ਘਰ ਨਾ ਪਰਤੀ ਤਾਂ ਉਹ ਉਕਤ ਵਿਅਕਤੀ ਦੇ ਘਰ ਗਏ ਤਾਂ ਉਸ ਨੇ ਕੋਈ ਜਵਾਬ ਨਹੀਂ ਦਿੱਤਾ ਅਤੇ ਕਿਹਾ ਮੈਨੂੰ ਇਸ ਬਾਰੇ ਨਹੀਂ ਪਤਾ | ਬੂਆ ਸਿੰਘ ਨੇ ਕਿਹਾ ਕਿ ਅਸੀਂ ਰਾਣੀ ਦੀ ਬਹੁਤ ਭਾਲ ਕੀਤੀ ਪਰ ਉਹ ਕਿਤੇ ਵੀ ਨਹੀਂ ਮਿਲੀ | ਉਨ੍ਹਾਂ ਕਿਹਾ ਕਿ ਪਿੰਡ ਦੇ ਉਕਤ ਵਿਅਕਤੀ ਦਾ ਸਾਡੇ ਘਰ ਬਹੁਤ ਆਉਣ-ਜਾਣ ਹੈ ਤੇ ਇਸੇ ਜਾਣ-ਪਹਿਚਾਣ ਕਰ ਕੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੇ ਘਰ ਕਮੇਟੀ ਪਾਈ ਹੋਈ ਹੈ | ਬੂਆ ਸਿੰਘ ਨੇ ਕਿਹਾ ਕਿ ਇਕ ਦਿਨ ਸਖ਼ਤੀ ਨਾਲ ਪੁੱਛਣ 'ਤੇ ਇਹ ਵਿਅਕਤੀ ਕਹਿਣ ਲੱਗਾ ਕਿ ਤੁਸੀਂ ਬੁਰਜ ਸਾਹਿਬ ਗੁਰਦੁਆਰੇ ਆ ਜਾਓ ਪਰ ਆਪਣੇ ਨਾਲ ਕਿਸੇ ਹੋਰ ਪਰਿਵਾਰਕ ਮੈਂਬਰ ਨੂੰ ਨਾਲ ਨਾ ਲੈ ਕੇ ਆਇਓ ਪਰ ਫਿਰ ਬਾਅਦ 'ਚ ਕੁਝ ਨਹੀਂ ਦੱਸਿਆ | ਬੂਆ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀ ਕਥਿਤ ਤੌਰ 'ਤੇ ਧਮਕੀਆਂ ਦਿੰਦਾ ਹੈ ਕਿ ਉਸ ਨੂੰ ਕਾਨੂੰਨ ਤੇ ਕੋਰਟ-ਕਚਿਹਰੀਆਂ ਦਾ ਕੋਈ ਡਰ ਨਹੀਂ ਹੈ | ਬੂਆ ਸਿੰਘ ਨੇ ਦੋਸ਼ ਲਗਾਇਆ ਕਿ ਜੋ ਕਮੇਟੀ ਦੀ ਬੋਲੀ 10 ਅਪ੍ਰੈਲ ਨੂੰ ਹੋਣੀ ਸੀ, ਉਹ ਬਾਅਦ ਵਿਚ 15 ਅਪ੍ਰੈਲ ਨੂੰ ਹੋਈ ਹੈ | ਉਨ੍ਹਾਂ ਕਿਹਾ ਕਿ ਉਕਤ ਵਿਅਕਤੀ ਪਹਿਲਾਂ ਸਾਡੇ ਘਰ ਬਹੁਤ ਆਉਂਦਾ-ਜਾਂਦਾ ਸੀ ਪਰ ਉਸ ਘਟਨਾ ਤੋਂ ਬਾਅਦ ਉਹ ਇਕ ਵਾਰ ਵੀ ਸਾਡੇ ਘਰ ਨਹੀਂ ਆਇਆ ਤੇ ਉਸ ਦੇ ਮੂੰਹ 'ਤੇ ਸੱਟ ਲੱਗੀ ਤੇ ਨੱਕ 'ਤੇ ਘਰੂੰਡ ਪਿਆ ਹੋਇਆ ਹੈ ਤੇ ਉਸ ਦੀ ਗੱਡੀ 'ਤੇ ਖੂਨ ਲੱਗਾ ਵੇਖਿਆ ਗਿਆ ਹੈ | ਬੂਆ ਸਿੰਘ ਨੇ ਦੋਸ਼ ਲਗਾਇਆ ਹੈ ਕਿ ਮੈਨੂੰ ਸ਼ੱਕ ਹੈ ਕਿ ਉਸ ਨੇ ਮੇਰੀ ਪਤਨੀ ਰਾਣੀ ਨਾਲ ਕੋਈ ਅਣਸੁਖਾਵੀਂ ਘਟਨਾ ਨੂੰ ਅੰਜ਼ਾਮ ਦਿੱਤਾ ਹੈ | ਬੂਆ ਸਿੰਘ ਨੇ ਸ਼ੱਕ ਜਤਾਇਆ ਕਿ ਉਕਤ ਵਿਅਕਤੀ ਨੇ ਜਾਂ ਤਾਂ ਉਸ ਦੀ ਪਤਨੀ ਨੂੰ ਮਾਰ ਦਿੱਤਾ ਹੈ ਜਾਂ ਫਿਰ ਅਗਵਾ ਕਰ ਕੇ ਕਿਸੇ ਹੋਰ ਜਗ੍ਹਾ 'ਤੇ ਛੱਡ ਆਇਆ ਹੈ | ਉਨ੍ਹਾਂ ਕਿਹਾ ਕਿ ਅਸੀਂ ਇਸ ਸੰਬੰਧੀ ਪਹਿਲਾਂ ਚੌਕੀ ਨੌਸ਼ਹਿਰਾ ਮੱਝਾ ਸਿੰਘ ਤੇ ਥਾਣਾ ਸੇਖਵਾਂ ਵਿਖੇ ਦਰਖਾਸਤਾਂ ਵੀ ਦੇ ਚੁੱਕੇ ਹਾਂ ਪਰ ਪੁਲਿਸ ਵਲੋਂ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ | ਬੂਆ ਸਿੰਘ ਨੇ ਐੱਸ.ਐੱਸ.ਪੀ. ਬਟਾਲਾ ਤੋਂ ਮੰਗ ਕੀਤੀ ਕਿ ਉਸ ਦੀ ਪਤਨੀ ਦੇ ਲਾਪਤਾ ਹੋਣ ਦਾ ਮਾਮਲਾ ਦਰਜ ਕਰ ਕੇ ਕਰਮ ਸਿੰਘ ਤੋਂ ਸਖ਼ਤੀ ਨਾਲ ਇਸ ਬਾਰੇ ਪੁੱਛਿਆ ਜਾਵੇ ਤੇ ਸਾਨੂੰ ਇਨਸਾਫ਼ ਦਿਵਾਇਆ ਜਾਵੇ | ਇਸ ਸਬੰਧੀ ਜਦੋਂ ਸਬੰਧਤ ਚੌਕੀ ਇੰਚਾਰਜ ਨੌਸ਼ਹਿਰਾ ਮੱਝਾ ਸਿੰਘ ਬਲਜੀਤ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਸ਼ਿਕਾਇਤਕਰਤਾ ਦੇ ਬਿਆਨਾਂ 'ਤੇ ਉਕਤ ਵਿਅਕਤੀ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਉਸ ਦੀ ਭਾਲ ਲਈ ਵੱਖ-ਵੱਖ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ |