ਲੁਧਿਆਣਾ, 19 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਥਾਣਾ ਮੋਤੀ ਨਗਰ ਦੇ ਘੇਰੇ ਅੰਦਰ ਪੈਂਦੇ ਇਲਾਕੇ ਇਕ ਹੋਟਲ ਵਿਚ ਪਾਰਟੀ ਦੌਰਾਨ ਜਿਆਦਾ ਨਸ਼ਾ ਕਰਨ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ | ਜਾਣਕਾਰੀ ਅਨੁਸਾਰ ਮਿ੍ਤਕ ਦੀ ਸ਼ਨਾਖਤ ਸੱਤਿਅਮ ਪਾਂਡੇ ਪੁੱਤਰ ਵਿਨੋਦ ਪਾਂਡੇ ਵਾਸੀ ਗੁਰੂ ਰਾਮਦਾਸ ਕਲੋਨੀ ਤਾਜਪੁਰ ਰੋਡ ਵਜੋਂ ਕੀਤੀ ਗਈ ਹੈ | ਉਸ ਦੀ ਉਮਰ 24 ਸਾਲ ਦੇ ਕਰੀਬ ਸੀ | ਜਾਂਚ ਅਧਿਕਾਰੀ ਸੇਠੀ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ ਸੱਤਿਅਮ ਅਤੇ ਉਸਦੇ ਦੋਸਤਾਂ ਨੇ ਹੋਟਲ ਵਿਚ ਇੱਕ ਪਾਰਟੀ ਕੀਤੀ ਸੀ ਅਤੇ ਪਾਰਟੀ ਦੌਰਾਨ ਸੱਤਿਅਮ ਨੇ ਜਿਆਦਾ ਨਸ਼ਾ ਕਰ ਲਿਆ | ਗੰਭੀਰ ਹਾਲਤ ਵਿਚ ਉਸਨੂੰ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਮਿ੍ਤਕ ਕਰਾਰ ਦੇ ਦਿੱਤਾ | ਸੂਚਨਾ ਮਿਲਦਿਆਂ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ | ਸੇਠੀ ਕੁਮਾਰ ਨੇ ਦੱਸਿਆ ਕਿ ਪੁਲਿਸ ਵਲੋਂ ਹਾਲ ਦੀ ਘੜੀ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ | ਮਿ੍ਤਕ ਦੀ ਅਜੇ ਕੁਝ ਦਿਨ ਪਹਿਲਾਂ ਹੀ ਮੰਗਣੀ ਹੋਈ ਸੀ ਅਤੇ ਉਹ ਪ੍ਰਾਈਵੇਟ ਕੰਪਨੀ ਵਿਚ ਕੰਮ ਕਰਦਾ ਸੀ | ਮਿ੍ਤਕ ਆਪਣੇ ਮਾਪਿਆਂ ਨਾਲ ਇੱਥੇ ਰਹਿੰਦਾ ਸੀ | ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਜਾਂਚ ਦੌਰਾਨ ਜੇਕਰ ਕੋਈ ਹੋਰ ਤਥ ਸਾਹਮਣੇ ਆਉਣਗੇ ਤਾਂ ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ |