ਲੁਧਿਆਣਾ, 20 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਸੜਕਾਂ 'ਤੇ ਸ਼ਰ੍ਹੇਆਮ ਸ਼ਰਾਬ ਪੀ ਰਹੇ ਵਿਅਕਤੀਆਂ ਨੂੰ ਕਾਬੂ ਕੀਤਾ ਹੈ | ਪਹਿਲੇ ਮਾਮਲੇ ਵਿਚ ਥਾਣਾ ਸਦਰ ਵਿਖੇ ਤੈਨਾਤ ਹੌਲਦਾਰ ਇਕਬਾਲ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਸਬੰਧੀ ਇਲਾਕੇ ਵਿਚ ਮੌਜੂਦ ਸਨ ਤਾਂ ਮੁਲਜ਼ਮਾਂ ਨੂੰ ਫੁਲਾਵਰ ਚੌਕ ਨੇੜੇ ਠੇਕੇ ਦੇ ਬਾਹਰ ਸ਼ਰ੍ਹੇਆਮ ਸੜਕ ਕਿਨਾਰੇ ਸ਼ਰਾਬ ਪੀਂਦਿਆਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਅੱਧੀ ਬੋਤਲ ਸ਼ਰਾਬ ਅੰਗਰੇਜ਼ੀ, 2 ਡਿਸਪੋਜ਼ਲ ਗਿਲਾਸ ਅਤੇ ਅੱਧੀ ਪਾਣੀ ਦੀ ਬੋਤਲ ਬਰਾਮਦ ਕੀਤੀ ਹੈ | ਮੁਲਜ਼ਮਾਂ ਦੀ ਸ਼ਨਾਖ਼ਤ ਅਮਿਤ ਕੁਮਾਰ ਅਤੇ ਰੌਸ਼ਨ ਵਜੋਂ ਹੋਈ ਹੈ | ਦੂਜੇ ਮਾਮਲੇ ਵਿਚ ਥਾਣਾ ਹੈਬੋਵਾਲ ਵਿਖੇ ਤੈਨਾਤ ਸਹਾਇਕ ਥਾਣੇਦਾਰ ਮੱਖਣ ਸਿੰਘ ਨੇ ਦੱਸਿਆ ਕਿ ਗਸ਼ਤ ਸਬੰਧੀ ਉਹ ਇਲਾਕੇ ਵਿਚ ਮੌਜੂਦ ਸਨ ਤਾਂ ਸੰਗਮ ਚੌਕ 'ਚ ਸੜਕ 'ਤੇ ਸ਼ਰਾਬ ਪੀ ਰਹੇ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ 350 ਐਮ.ਐਲ. ਸ਼ਰਮਾ ਤੇ ਇਕ ਗਲਾਸ ਬਰਾਮਦ ਕੀਤਾ ਹੈ | ਮੁਲਜ਼ਮਾਂ ਦੀ ਸ਼ਨਾਖ਼ਤ ਬਬਲੂ ਮਾਹਤੋ ਅਤੇ ਨਿਧਾਨ ਸਿੰਘ ਵਜੋਂ ਹੋਈ ਹੈ | ਤੀਜੇ ਮਾਮਲੇ ਵਿਚ ਥਾਣਾ ਫੋਕਲ ਪੁਆਇੰਟ ਵਿਖੇ ਤੈਨਾਤ ਥਾਣੇਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਉਹ ਗਸ਼ਤ ਸਬੰਧੀ ਇਲਾਕੇ 'ਚ ਮੌਜੂਦ ਸਨ ਤਾਂ ਸੜਕ 'ਤੇ ਸ਼ਰ੍ਹੇਆਮ ਸ਼ਰਾਬ ਪੀ ਰਹੇ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ 375 ਐਮ.ਐਲ. ਡੋਲਰ ਰੰਮ ਤੇ 2 ਪਲਾਸਟਿਕ ਦੇ ਗਿਲਾਸ ਬਰਾਮਦ ਕੀਤੇ | ਮੁਲਜ਼ਮਾਂ ਦੀ ਸ਼ਨਾਖ਼ਤ ਵਿਕਾਸ ਕੁਮਾਰ ਤੇ ਰਮੇਸ਼ ਚੌਧਰੀ ਵਜੋਂ ਹੋਈ ਹੈ | ਚੌਥੇ ਮਾਮਲੇ 'ਚ ਥਾਣਾ ਡਵੀਜ਼ਨ ਨੰਬਰ 7 ਵਿਖੇ ਤੈਨਾਤ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਗਸ਼ਤ ਸਬੰਧੀ ਇਲਾਕੇ ਵਿਚ ਮੌਜੂਦ ਸਨ ਤਾਂ ਸੈਕਟਰ-32 ਦੀ ਵਿਸ਼ਾਲ ਮੈਗਾ ਮਾਰਟ ਵਾਲੀ ਮਾਰਕੀਟ ਚੰਡੀਗੜ੍ਹ ਰੋਡ ਦੀ ਪਾਰਕਿੰਗ 'ਚ ਸ਼ਰਾਬ ਪੀ ਰਹੇ ਵਿਅਕਤੀ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਇਕ ਖਾਲੀ ਬੋਤਲ ਸ਼ਰਾਬ, ਇਕ ਬੋਤਲ ਪਾਣੀ ਅਤੇ ਇਕ ਗਿਲਾਸ ਬਰਾਮਦ ਕੀਤਾ ਹੈ | ਮੁਲਜ਼ਮ ਦੀ ਸ਼ਨਾਖ਼ਤ ਗੌਤਮ ਵਜੋਂ ਹੋਈ ਹੈ | ਪੰਜਵੇਂ ਮਾਮਲੇ ਵਿਚ ਥਾਣਾ ਟਿੱਬਾ ਵਿਖੇ ਤੈਨਾਤ ਏ.ਐਸ.ਆਈ. ਰਵਿੰਦਰ ਕੁਮਾਰ ਨੇ ਦੱਸਿਆ ਕਿ ਉਹ ਗਸ਼ਤ ਸਬੰਧੀ ਇਲਾਕੇ ਵਿਚ ਮੌਜੂਦ ਸਨ ਤਾਂ ਮੁਲਜ਼ਮਾਂ ਨੂੰ ਟਿੱਬਾ ਰੋਡ ਗੱਡੂ ਚਿਕਨ ਦੇ ਨਾਲ ਵਾਲੀ ਗਲੀ 'ਚ ਸ਼ਰਾਬ ਪੀਂਦਿਆਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਅੱਧੀ ਬੋਤਲ ਸ਼ਰਾਬ, 1 ਖਾਲੀ ਪਾਣੀ ਦੀ ਬੋਤਲ ਤੇ 1 ਗਿਲਾਸ ਬਰਾਮਦ ਕੀਤਾ ਹੈ | ਮੁਲਜ਼ਮਾਂ ਦੀ ਸ਼ਨਾਖ਼ਤ ਸੀਤਾ ਰਾਮ, ਦੇਸ ਰਾਜ ਖੁਰਾਣਾ ਵਜੋਂ ਹੋਈ ਹੈ |