ਜਲੰਧਰ, 27 ਅਕਤੂਬਰ (ਅ.ਬ.)- 24-10-2026 ਨੂੰ ਇੰਪਾਵਰਮੈਂਟ ਐਸੋਸੀਏਸ਼ਨ ਫਾਰ ਦਾ ਬਲਾਈਂਡ ਰਜਿ. ਵਲੋਂ ਆਪਣੇ ਸੈਂਟਰ ਵਿਖੇ ਵਾਈਟ ਕੇਨ ਸਪੈਸ਼ਲ ਡੇਅ ਆਪਣੇ ਨੇਤਰਹੀਣ ਬੱਚਿਆਂ ਨਾਲ ਮਨਾਇਆ ਗਿਆ। ਇਹ ਦਿਨ ਨੇਤਰਹੀਣਾਂ ਲਈ ਬਹੁਤ ਮਹੱਤਵਪੂਰਨ ਹੁੰਦਾ ਹੈ। ਇਹ ਨੇਤਰਹੀਣਾਂ ਦੀ ਵਾਈਟ ਛੜੀ, ਜਿਸ ਨਾਲ ਨੇਤਰਹੀਣ ਆਪਣੀ ਸੇਫਟੀ ਅਤੇ ਸੁਤੰਤਰਤਾ ਦਾ ਪ੍ਰਤੀਕ ਮੰਨ ਕੇ ਆਪਣੀਆਂ ਪ੍ਰਾਪਤੀਆਂ ਹਾਸਿਲ ਕਰਦੇ ਹਨ। ਇਸ ਛੜੀ ਦੀ ਕਾਢ 1921 ਵਿਚ ਜੇਮਸ ਬਿਗਸ ਨੇ ਕੀਤੀ, ਜਿਸ ਨੇ ਹਾਦਸੇ ਤੋਂ ਬਾਅਦ ਆਪਣੀ ਨਜ਼ਰ ਗਵਾ ਲਈ ਸੀ। ਜੇਮਸ ਬਿਗਸ ਇੰਗਲੈਂਡ ਦੇ ਸ਼ਹਿਰ ਬ੍ਰਿਸਟਲ ਦਾ ਰਹਿਣ ਵਾਲਾ ਸੀ। ਇਸ ਲਈ ਪੂਰੀ ਦੁਨੀਆ ਵਿਚ ਅਕਤੂਬਰ ਦੇ ਮਹੀਨੇ ਵਿਚ ਇਸ ਛੜੀ ਦੇ ਤਿਉਹਾਰ ਨੂੰ ਮਨਾਇਆ ਜਾਂਦਾ ਹੈ। ਇਸ ਪ੍ਰੋਗਰਾਮ ਦੀ ਸ਼ੁਰੂਆਤ ਐਸੋਸੀਏਸ਼ਨ ਦੀ ਸਕੱਤਰ ਅਤੇ ਪ੍ਰਿੰਸੀਪਲ ਨੇਤਰਹੀਣਾਂ ਦਾ ਸਰਕਾਰੀ ਸਕੂਲ ਜਮਾਲਪੁਰ, ਲੁਧਿਆਣਾ ਸ੍ਰੀਮਤੀ ਸੰਗੀਤਾ ਕਪੂਰ ਵਲੋਂ ਕੀਤੀ ਗਈ। ਉਨ੍ਹਾਂ ਨੇ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਵਜੋਂ ਸ੍ਰੀ ਰਜਿੰਦਰ ਸ਼ਰਮਾ ਚੇਅਰਮੈਨ ਨੋਬਲ ਫਾਊਂਡੇਸ਼ਨ ਲੁਧਿਆਣਾ ਦਾ ਨਿੱਘਾ ਸਵਾਗਤ ਕੀਤਾ। ਇਸ ਤੋਂ ਬਾਅਦ ਨੇਤਰਹੀਣ ਲੜਕੀਆਂ ਰਾਣੀ ਅਤੇ ਭਾਵਨਾ ਵਲੋਂ ਸ਼ਬਦ ਗਾਇਆ ਗਿਆ। ਇਸ ਪ੍ਰੋਗਰਾਮ ਵਿਚ ਬਹੁਤ ਸਾਰੇ ਨੇਤਰਹੀਣਾਂ ਨੂੰ ਡਾਂਸ, ਕਵਿਤਾ ਅਤੇ ਗੀਤ ਗਾਉਣ ਦਾ ਮੌਕਾ ਮਿਲਿਆ। ਇਨ੍ਹਾਂ ਵਿਚ ਪੋਲ, ਰਾਜਵੀਰ ਸਿੰਘ, ਹਰਮੀਤ ਸਿੰਘ, ਅਨਮੋਲਪ੍ਰੀਤ ਸਿੰਘ, ਸੂਰਜ, ਰਮਨਪ੍ਰੀਤ ਕੌਰ, ਤੁਲਸੀ ਕੁਮਾਰੀ, ਅਸਲਮ, ਸਿਮਰਨ ਕੌਰ ਅਤੇ ਰਾਜੀਵ ਕੁਮਾਰ ਇਨ੍ਹਾਂ ਵਲੋਂ ਆਪੋ ਆਪਣੀਆਂ ਆਈਟਮਾਂ ਪੇਸ਼ ਕੀਤੀਆਂ ਗਈਆਂ। ਇਸ ਤੋਂ ਇਲਾਵਾ ਬਹੁਤ ਸਾਰੇ ਨੇਤਰਹੀਣ ਲੜਕੇ-ਲੜਕੀਆਂ ਨੇ ਪ੍ਰਦਰਸ਼ਨ ਕੀਤਾ। ਇਨ੍ਹਾਂ ਦੇ ਨਾਲ-ਨਾਲ ਪ੍ਰੋਗਰਾਮ ਵਿਚ ਆਏ ਮਹਿਮਾਨਾਂ ਦਾ ਮਾਣ-ਸਨਮਾਨ ਵੀ ਕੀਤਾ ਗਿਆ ਜਿਵੇਂ ਕਿ ਸ੍ਰੀਮਤੀ ਸੁਨੀਤਾ ਰਾਣੀ, ਬਲਵੀਰ ਸਿੰਘ, ਹਰਦੀਪ ਸਿੰਘ ਅਤੇ ਉਨ੍ਹਾਂ ਦੇ ਸਾਥੀ ਰਾਣਾ ਗੈਸ ਦੇ ਮਾਲਕ ਅਤੇ ਉਨ੍ਹਾਂ ਦੇ ਅਫ਼ਸਰ ਅਤੇ ਹੋਰ ਵੀ ਸ਼ਖ਼ਸੀਅਤਾਂ ਨੂੰ ਮਾਣ-ਸਨਮਾਨ ਦਿੱਤਾ ਗਿਆ।