ਲੁਧਿਆਣਾ, 21 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਨੇ ਬੀਤੇ ਦਿਨ ਸੰਜੇ ਗਾਂਧੀ ਕਾਲੋਨੀ ਵਿਚ ਹੋਈ ਗੁੰਡਾਗਰਦੀ ਦੇ ਮਾਮਲੇ ਵਿਚ ਚਾਰ ਨੌਜਵਾਨਾਂ ਨੂੰ ਕਾਬੂ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਸੀ.ਪੀ. ਰਾਜਕੁਮਾਰ ਨੇ ਦੱਸਿਆ ਕਿ ਪੁਲਿਸ ਵਲੋਂ ਕਾਬੂ ਕੀਤੇ ਗਏ ਕਥਿਤ ਦੋਸ਼ੀਆਂ ਵਿਚ ਸੂਰਜ ਕੁਮਾਰ ਵਾਸੀ ਸੰਜੇ ਗਾਂਧੀ ਕਾਲੋਨੀ, ਰਾਜਕੁਮਾਰ ਵਾਸੀ ਸੰਜੇ ਗਾਂਧੀ ਕਾਲੋਨੀ, ਰੋਸ਼ਨ ਕੁਮਾਰ ਅਤੇ ਸਾਹਿਲ ਜੈਸਵਾਲ ਸ਼ਾਮਿਲ ਹਨ | ਉਨ੍ਹਾਂ ਦੱਸਿਆ ਕਿ ਸੂਰਜ ਕੁਮਾਰ ਖ਼ਿਲਾਫ਼ ਪਹਿਲਾਂ ਵੀ ਤਿੰਨ ਅਪਰਾਧਿਕ ਮਾਮਲੇ ਦਰਜ ਹਨ | ਪੁਲਿਸ ਵਲੋਂ ਇਹਨਾਂ ਦੇ ਕਬਜ਼ੇ ਵਿਚ ਲੋਹੇ ਦੇ ਦਾਤਰ ਅਤੇ ਕੁੱਝ ਹੋਰ ਸਾਮਾਨ ਬਰਾਮਦ ਕੀਤਾ ਗਿਆ ਹੈ | ਪੁਲਿਸ ਵਲੋਂ ਇਹਨਾਂ ਪਾਸੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ, ਕਈ ਹੋਰ ਪ੍ਰਗਟਾਵੇ ਹੋਣ ਦੀ ਸੰਭਾਵਨਾ ਹੈ | ਪੁਲਿਸ ਅਨੁਸਾਰ ਇਹਨਾਂ ਦੇ ਸਾਥੀਆਂ ਦੀ ਵੀ ਭਾਲ ਕੀਤੀ ਜਾ ਰਹੀ ਹੈ | ਬੀਤੇ ਦਿਨ ਅਸ਼ੀਸ਼ ਅਤੇ ਗਰੇਵਾਲ ਨਾਮੀ ਨੌਜਵਾਨਾਂ ਵਿਚਾਲੇ ਆਪਸੀ ਰੰਜ਼ਿਸ਼ ਕਾਰਨ ਜ਼ਬਰਦਸਤ ਲੜਾਈ ਹੋ ਗਈ ਸੀ ਅਤੇ ਲੜਾਈ ਦੌਰਾਨ ਗੋਲੀਆਂ ਚੱਲਣ ਨਾਲ ਉਥੇ ਦਹਿਸ਼ਤ ਫੈਲ ਗਈ ਸੀ | ਪੁਲਿਸ ਵਲੋਂ ਇਸ ਮਾਮਲੇ ਵਿਚ ਹੋਰ ਨੌਜਵਾਨਾਂ ਖ਼ਿਲਾਫ਼ ਵੀ ਕੇਸ ਦਰਜ ਕੀਤਾ ਹੈ |