ਲੁਧਿਆਣਾ, 21 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਥਾਣਾ ਟਿੱਬਾ ਦੇ ਘੇਰੇ ਅੰਦਰ ਪੈਂਦੇ ਇਲਾਕੇ ਸ਼ੰਕਰ ਕਾਲੋਨੀ ਵਿਚ ਐਕਟੀਵਾ ਸਵਾਰਾਂ ਵਲੋਂ ਇਕ ਘਰ 'ਤੇ ਪੈਟਰੋਲ ਸੁੱਟ ਕੇ ਅੱਗ ਲਗਾ ਦਿੱਤੀ | ਇਹ ਘਟਨਾ ਸੀ.ਸੀ. ਟੀਵੀ ਕੈਮਰੇ ਵਿਚ ਕੈਦ ਹੋ ਗਈ, ਜਿਸ ਆਧਾਰ 'ਤੇ ਪੁਲਿਸ ਵਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ | ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਐਕਟੀਵਾ ਸਵਾਰ ਨੌਜਵਾਨ ਮੁਹੱਲੇ ਵਿਚ ਹੁੱਲੜਬਾਜ਼ੀ ਕਰ ਰਿਹਾ ਸੀ ਤਾਂ ਉਸ ਨੂੰ ਮੁਹੱਲੇ ਦੇ ਲੋਕਾਂ ਨੇ ਰੋਕਿਆ, ਜਿਸ 'ਤੇ ਉਹ ਭੜਕ ਪਿਆ | ਉਸ ਨੇ ਥੋੜੀ ਦੇਰ ਬਾਅਦ ਆਪਣੇ ਸਾਥੀ ਬੁਲਾ ਲਏ ਅਤੇ ਇਹਨਾਂ ਵਲੋਂ ਉੱਥੇ ਪਥਰਾਅ ਕੀਤਾ ਗਿਆ ਅਤੇ ਬਾਅਦ ਵਿਚ ਇਕ ਘਰ ਵਿਚ ਪੈਟਰੋਲ ਛੁੱਟ ਕੇ ਅੱਗ ਲਗਾ ਦਿੱਤੀ ਗਈ | ਅੱਗ ਲਗਾਉਣ ਤੋਂ ਬਾਅਦ ਐਕਟੀਵਾ ਸਵਾਰ ਅਤੇ ਉਸ ਦੇ ਸਾਥੀ ਮੌਕੇ ਤੋਂ ਫ਼ਰਾਰ ਹੋ ਗਏ | ਸੂਚਨਾ ਮਿਲਦਿਆਂ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ | ਪੁਲਿਸ ਵਲੋਂ ਹਾਲ ਦੀ ਘੜੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਪਰ ਦੇਰ ਸ਼ਾਮ ਤੱਕ ਇਸ ਸੰਬੰਧੀ ਕੋਈ ਗਿ੍ਫ਼ਤਾਰੀ ਨਹੀਂ ਕੀਤੀ ਗਈ ਸੀ | ਅੱਗ ਕਾਰਨ ਘਰ ਦਾ ਕੁੱਝ ਸਾਮਾਨ ਸੜ ਗਿਆ | ਸ਼ਰ੍ਹੇਆਮ ਹੋਈ ਇਸ ਗੁੰਡਾਗਰਦੀ ਕਰਕੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ, ਜਦਕਿ ਪੁਲਿਸ ਵਲੋਂ ਸੀ.ਸੀ. ਟੀਵੀ ਕੈਮਰੇ ਦੀ ਫੁਟੇਜ ਦੇ ਆਧਾਰ 'ਤੇ ਹਮਲਾਵਰਾਂ ਦੀ ਸ਼ਨਾਖਤ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ |