ਲੁਧਿਆਣਾ, 21 ਅਪ੍ਰੈਲ (ਭੁਪਿੰਦਰ ਸਿੰਘ ਬੈਂਸ)-ਆਂਗਣਵਾੜੀ ਮੁਲਾਜ਼ਮ ਯੂਨੀਅਨ (ਸੀਟੂ) ਵਲੋਂ ਕੀਤਾ ਗਿਆ ਰੋਸ ਪ੍ਰਦਰਸ਼ਨ ਉਸ ਵੇਲੇ ਅਹਿਮ ਮੋੜ 'ਤੇ ਪਹੁੰਚਿਆ, ਜਦੋਂ ਪ੍ਰਸ਼ਾਸਨ ਵਲੋਂ ਆਂਗਣਵਾੜੀ ਵਰਕਰਾਂ ਦੀ ਮੁੱਖ ਮੰਗ ਡੱਬਾ ਬੰਦ ਮੋਬਾਈਲ ਦੇਣ ਸੰਬੰਧੀ ਠੋਸ ਭਰੋਸਾ ਦਿੱਤਾ ਗਿਆ | ਯੂਨੀਅਨ ਆਗੂ ਸੁਭਾਸ਼ ਰਾਣੀ ਨੇ ਇਸ ਨੰੂ ਸੰਘਰਸ਼ ਦਾ ਮਹੱਤਵਪੂਰਨ ਨਤੀਜਾ ਕਰਾਰ ਦਿੱਤਾ | ਜ਼ਿਲ੍ਹਾ ਪ੍ਰਧਾਨ ਸੁਭਾਸ਼ ਰਾਣੀ ਦੀ ਅਗਵਾਈ ਹੇਠ ਆਂਗਣਵਾੜੀ ਮੁਲਾਜ਼ਮਾਂ ਵਲੋਂ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਦੇ ਦਫ਼ਤਰ ਦਾ ਘਿਰਾਓ ਕੀਤਾ ਗਿਆ | ਇਹ ਪ੍ਰਦਰਸ਼ਨ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਚੱਲਦਾ ਰਿਹਾ, ਜਿਸ ਦੌਰਾਨ ਮੁਲਾਜ਼ਮਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਆਪਣਾ ਰੋਸ ਜ਼ਾਹਿਰ ਕੀਤਾ | ਆਗੂਆਂ ਵਲੋਂ ਮੁੱਖ ਤੌਰ 'ਤੇ ਮੰਗ ਕੀਤੀ ਗਈ ਕਿ ਆਂਗਣਵਾੜੀ ਵਰਕਰਾਂ ਨੰੂ ਡੱਬਾ ਬੰਦ ਮੋਬਾਈਲ ਦਿੱਤੇ ਜਾਣ | ਆਗੂਆਂ ਨੇ ਦੱਸਿਆ ਕਿ ਇਸ ਸੰਬੰਧੀ ਪਹਿਲਾਂ ਵੀ ਡਿਪਟੀ ਕਮਿਸ਼ਨਰ ਅਤੇ ਵਿਭਾਗੀ ਮੰਤਰੀ ਨਾਲ ਕਈ ਵਾਰ ਮੀਟਿੰਗਾਂ ਹੋ ਚੁੱਕੀਆਂ ਸਨ, ਪਰ ਅਜੇ ਤੱਕ ਮੰਗਾਂ 'ਤੇ ਕੋਈ ਅਮਲ ਨਹੀਂ ਹੋਇਆ ਸੀ | ਸਰਕਾਰ ਵਲੋਂ ਲਗਾਤਾਰ ਹੋ ਰਹੇ ਦੇਰ ਸਵੇਰ ਅਤੇ ਅਣਡਿੱਠੀ ਨੰੂ ਲੈ ਕੇ ਰੋਸ ਵਧਣ ਕਾਰਨ ਪ੍ਰਦਰਸ਼ਨਕਾਰੀਆਂ ਵਲੋਂ ਮੋਬਾਈਲ ਸਟੋਰ ਦਾ ਵੀ ਘਿਰਾਓ ਕੀਤਾ ਗਿਆ, ਜਿਸ ਨਾਲ ਮਾਮਲੇ ਨੰੂ ਹੋਰ ਗੰਭੀਰਤਾ ਮਿਲੀ | ਪ੍ਰਦਰਸ਼ਨ ਦੌਰਾਨ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਗੁਰਮੀਤ ਸਿੰਘ ਵਲੋਂ ਮੰਗ ਪੱਤਰ ਲੈਂਦਿਆਂ ਭਰੋਸਾ ਦਿਵਾਇਆ ਗਿਆ ਕਿ ਮੋਬਾਈਲ ਆਂਗਣਵਾੜੀ ਵਰਕਰਾਂ ਨੰੂ ਡੱਬਾ ਬੰਦ ਹਾਲਤ 'ਚ ਦਿੱਤੇ ਜਾਣਗੇ | ਇਸ ਭਰੋਸੇ ਤੋਂ ਬਾਅਦ ਹੀ ਪ੍ਰਦਰਸ਼ਨ ਨੰੂ ਖਤਮ ਕੀਤਾ ਗਿਆ | ਆਗੂਆਂ ਨੇ ਸਪੱਸ਼ਟ ਕੀਤਾ ਕਿ ਜੇਕਰ 3 ਦਿਨਾਂ ਦੇ ਅੰਦਰ ਮੰਗਾਂ ਨੰੂ ਅਮਲ ਵਿਚ ਨਾ ਲਿਆਂਦਾ ਗਿਆ ਤਾਂ ਸੰਘਰਸ਼ ਨੰੂ ਹੋਰ ਤੇਜ਼ ਕੀਤਾ ਜਾਵੇਗਾ ਅਤੇ ਇਸ ਦੀ ਜ਼ਿੰਮੇਵਾਰੀ ਸੰਬੰਧਿਤ ਅਧਿਕਾਰੀਆਂ ਦੀ ਹੋਵੇਗੀ | ਇਸ ਮੌਕੇ ਭਿੰਦਰ ਕੌਰ, ਸੁਰਜੀਤ ਕੌਰ, ਆਸ਼ਾ ਰਾਣੀ, ਅੰਜੂ ਮਹਿਤਾ, ਸੁਨੀਤਾ ਸਮੇਤ ਕਈ ਆਗੂ ਅਤੇ ਮੁਲਾਜ਼ਮ ਵੱਡੀ ਗਿਣਤੀ ਵਿਚ ਮੌਜੂਦ ਸਨ |