ਭਾਮੀਆਂ ਕਲਾਂ, 22 ਅਪ੍ਰੈਲ (ਜਤਿੰਦਰ ਭੰਬੀ)-ਆਗਾਮੀ ਵਿਧਾਨ ਸਭਾ ਚੋਣਾਂ ਵਿਚ ਹਲਕਾ ਸਾਹਨੇਵਾਲ ਤੋਂ ਕਾਂਗਰਸ ਪਾਰਟੀ ਦੇ ਸੰਭਾਵੀ ਉਮੀਦਵਾਰ ਅਤੇ ਸੀਨੀਅਰ ਕਾਂਗਰਸੀ ਆਗੂ ਪਾਲ ਸਿੰਘ ਗਰੇਵਾਲ ਨੇ ਆਮ ਆਦਮੀ ਪਾਰਟੀ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਬਦਲਾਅ ਦਾ ਝਾਂਸਾ ਦੇ ਕੇ ਸੱਤਾ ਵਿਚ ਆਉਣ ਵਾਲੀ 'ਆਪ' ਸਰਕਾਰ ਜਿਸ ਸਪੀਡ ਨਾਲ ਕਰਜ਼ਾ ਲੈ ਰਹੀ ਹੈ, ਉਸ ਤੋਂ ਸੁਭਾਵਿਕ ਹੀ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ 'ਆਪ' ਸਰਕਾਰ ਦਾ ਕਾਰਜਕਾਲ ਖ਼ਤਮ ਹੋਣ 'ਤੇ ਜੇਕਰ ਗਿਨੀਜ਼ ਬੁੱਕ ਵਲੋਂ ਸਰਵੇ ਕਰਵਾਇਆ ਜਾਂਦਾ ਹੈ ਤਾਂ 'ਆਪ' ਸਰਕਾਰ ਪਹਿਲੀ ਸਰਕਾਰ ਹੋਵੇਗੀ, ਜਿਸ ਨੇ ਵਿਕਾਸ ਕਾਰਜ ਕਰਵਾਏ ਬਿਨਾਂ ਆਪਣੀ ਫੋਕੀ ਵਾਹੋ-ਵਾਹੀ ਕਰਵਾਉਣ ਲਈ ਇਨ੍ਹਾਂ ਵੱਡਾ ਕਰਜ਼ਾ ਲੈ ਕੇ ਇਸ਼ਤਿਹਾਰਬਾਜੀ 'ਤੇ ਖ਼ਰਚ ਕੀਤਾ ਹੋਵੇ | ਉਨ੍ਹਾਂ ਚਿੰਤਤ ਹੁੰਦਿਆਂ ਕਿਹਾ ਕਿ ਕਿੰਨੇ ਦੁੱਖ ਵਾਲੀ ਗੱਲ ਹੈ ਕਿ ਵਿੱਤੀ ਵਰ੍ਹਾ ਸ਼ੁਰੂ ਹੁੰਦਿਆਂ ਹੀ ਸੂਬਾ ਸਰਕਾਰ ਦੂਜੀ ਵਾਰ ਕਰਜ਼ਾ ਲੈ ਚੁੱਕੀ ਹੈ | ਉਨ੍ਹਾਂ ਕਿਹਾ ਕਿ ਜਿੱਥੇ ਸੂਬਾ ਸਰਕਾਰ ਪੰਜਾਬ ਸਿਰ ਕਰਜ਼ੇ ਦੀ ਪੰਡ ਭਾਰੀ ਕਰਨ ਲੱਗੀ ਹੋਈ ਹੈ, ਉਥੇ ਹੀ ਇਸ ਦੇ ਵਿਧਾਇਕ ਅਤੇ ਮੰਤਰੀਆਂ ਤੇ ਆਏ ਦਿਨ ਭਿ੍ਸ਼ਟਾਚਾਰ ਦੇ ਇਲਜ਼ਾਮ ਲੱਗ ਰਹੇ ਹਨ, ਜਿਸ ਦੀ ਗਾਜ ਹਲਕਾ ਸਾਹਨੇਵਾਲ 'ਤੇ ਵੀ ਡਿੱਗ ਚੁੱਕੀ ਹੈ | ਉਨ੍ਹਾਂ ਕਿਹਾ ਕਿ ਜੇਕਰ ਵੱਖ ਵੱਖ ਵਿਭਾਗਾਂ ਦੀ ਗੱਲ ਕੀਤੀ ਜਾਵੇ ਤਾਂ ਹਰੇਕ ਵਿਭਾਗ ਵਿਚ ਭਿ੍ਸ਼ਟਾਚਾਰ ਜ਼ੋਰਾਂ 'ਤੇ ਹੈ ਜੋ ਕਿ ਰੁਕਣ ਦਾ ਨਾਂਅ ਹੀ ਨਹੀਂ ਲੈ ਰਿਹਾ, ਜੋ ਕਿ ਗੰਭੀਰ ਅਤੇ ਚਿੰਤਾਜਨਕ ਵਿਸ਼ਾ ਹੈ |