ਲੁਧਿਆਣਾ, 24 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਫੋਕਲ ਪੁਆਇੰਟ ਵਿਚ ਅੱਧੀ ਦਰਜਨ ਦੇ ਕਰੀਬ ਹਥਿਆਰਬੰਦ ਲੁਟੇਰੇ ਨੌਜਵਾਨਾਂ ਤੋਂ ਮੋਟਰਸਾਈਕਲ ਤੇ ਹੋਰ ਸਾਮਾਨ ਲੁੱਟ ਕੇ ਫ਼ਰਾਰ ਹੋ ਗਏ | ਥਾਣਾ ਫੋਕਲ ਪੁਆਇੰਟ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਚੇਤਨ ਗਿਰੀ ਨੇ ਦੱਸਿਆ ਕਿ ਉਹ ਅਤੇ ਉਸ ਦਾ ਸਾਥੀ ਵਿਜੈ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਟਰਾਂਸਪੋਰਟ ਨਗਰ ਵੱਲ ਨੂੰ ਆ ਰਹੇ ਸਨ ਤਾਂ ਆਰਤੀ ਚੌਕ ਨੇੜੇ ਸ਼ਰਾਬ ਦਾ ਠੇਕਾ ਲਾਗੇ ਮੋਟਰਸਾਈਕਲਾਂ 'ਤੇ ਸਵਾਰ 5-6 ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ਨੂੰ ਘੇਰ ਲਿਆ, ਹਥਿਆਰਾਂ ਨਾਲ ਉਸ 'ਤੇ ਵਾਰ ਕੀਤਾ, ਮਾਰ ਦੇਣ ਦਾ ਡਰਾਵਾ ਦੇ ਕੇ ਉਹ ਮੋਬਾਈਲ, 300 ਦੇ ਕਰੀਬ ਨਗਦੀ ਅਤੇ ਜ਼ਰੂਰੀ ਕਾਗਜ਼ਾਤ ਅਤੇ ਵਿਜੈ ਪਾਸੋਂ ਉਸ ਦਾ ਮੋਬਾਈਲ, ਦੋ ਚਾਂਦੀ ਦੀਆਂ ਮੁੰਦਰੀਆਂ ਤੇ 200 ਰੁਪਏ ਕੈਸ਼ ਅਤੇ ਮੋਟਰਸਾਈਕਲ ਖੋਹ ਕਰਕੇ ਫ਼ਰਾਰ ਹੋ ਗਏ | ਜਾਂਚ ਅਧਿਕਾਰੀ ਏ.ਐਸ.ਆਈ. ਦਰਸ਼ਨ ਸਿੰਘ ਨੇ ਦੱਸਿਆ ਕਿ ਮੁੱਦਈ ਦੇ ਬਿਆਨਾਂ 'ਤੇ 5-6 ਅਣਪਛਾਤੇ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ |