ਲੁਧਿਆਣਾ, 24 ਅਪ੍ਰੈਲ (ਡਾ. ਤਰਲੋਚਨ ਸਿੰਘ)-ਪੀ.ਏ.ਯੂ. ਦੀ ਮਹਿੰਦਰ ਸਿੰਘ ਰੰਧਾਵਾ ਲਾਇਬ੍ਰੇਰੀ ਦੇ ਸਮੁੱਚੇ ਅਮਲੇ ਵਲੋਂ ਵਿਸ਼ਵ ਪੁਸਤਕ ਅਤੇ ਕਾਪੀਰਾਈਟ ਦਿਹਾੜਾ ਮਨਾਇਆ ਗਿਆ | ਇਸ ਮੌਕੇ ਡਾ. ਸਤਿਬੀਰ ਸਿੰਘ ਗੋਸਲ ਵਾਈਸ ਚਾਂਸਲਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਇਸ ਮੌਕੇ ਡਾ. ਗੋਸਲ ਨੇ ਕਿਹਾ ਕਿ ਭਾਵੇਂ ਅੱਜ ਦਾ ਯੁੱਗ ਡਿਜੀਟਲ ਸੂਚਨਾ ਤਕਨਾਲੋਜੀ ਵਿਚ ਤਬਦੀਲ ਹੋਇਆ ਹੈ, ਪਰ ਕਿਤਾਬਾਂ ਅੱਜ ਵੀ ਮਨੁੱਖ ਦੀਆਂ ਸਭ ਤੋਂ ਨੇੜੇ ਦੀਆਂ ਸਾਥੀ ਹਨ | ਉਨ੍ਹਾਂ ਵਿਦਿਆਰਥੀਆਂ ਨੂੰ ਸੁਝਾਅ ਦਿੱਤੇ ਕਿ ਉਹ ਜ਼ਿੰਦਗੀ ਦੇ ਤਨਾਵਾਂ ਅਤੇ ਫਿਕਰਾਂ ਤੋਂ ਮੁਕਤੀ ਲਈ ਪੜ੍ਹਨ ਨੂੰ ਆਪਣੀ ਪੱਕੀ ਆਦਤ ਬਣਾ ਲੈਣ | ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਸੰਦੀਪ ਸ਼ਰਮਾ ਨੇ ਕਿਤਾਬ ਦੀ ਕਲਪਣਾ ਤੋਂ ਲੈ ਕੇ ਲਿਖਣ ਅਤੇ ਪ੍ਰਕਾਸ਼ਨ ਤੱਕ ਦੇ ਸਮੁੱਚੇ ਪੜਾਅ ਸਾਂਝੇ ਕੀਤੇ | ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਲਗਾਤਾਰ ਸ਼ਖ਼ਸੀ ਵਿਕਾਸ ਲਈ ਪੜ੍ਹਦੇ ਰਹਿਣਾ ਚਾਹੀਦਾ ਹੈ | ਡਾ. ਰਣਜੀਤ ਸਿੰਘ ਨੇ ਅਧਿਐਨ ਦੇ ਮਾਮਲੇ ਵਿਚ ਆਪਣੇ ਤਜਰਬੇ ਸਾਂਝੇ ਕਰਦਿਆਂ ਕਿਤਾਬਾਂ ਪੜ੍ਹਨ ਲਈ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਪ੍ਰੇਰਿਤ ਕੀਤਾ | ਇਸ ਮੌਕੇ ਡਾ. ਰਣਜੀਤ ਸਿੰਘ ਵਲੋਂ ਲਿਖੀ ਕਿਤਾਬ 'ਕੋਈ ਨਾਉਂ ਨਾ ਜਾਣੇ ਮੇਰਾ' ਲੋਕ ਅਰਪਣ ਕੀਤੀ ਗਈ | ਯੂਨੀਵਰਸਿਟੀ ਦੀ ਲਾਇਬ੍ਰੇਰੀਅਨ ਡਾ. ਯੋਗਿਤਾ ਸ਼ਰਮਾ ਨੇ ਇਸ ਪ੍ਰਬੰਧ ਦਾ ਉਦੇਸ਼ ਵਿਦਿਆਰਥੀਆਂ ਵਿਚ ਕਿਤਾਬਾਂ ਪੜ੍ਹਨ ਦੀ ਰੁਚੀ ਨੂੰ ਬਲ ਦੇਣਾ ਅਤੇ ਬੌਧਿਕ ਸੰਪਤੀ ਉੱਪਰ ਮਾਣ ਕਰਨ ਅਤੇ ਕਾਪੀਰਾਈਟ ਬਾਰੇ ਵਿਦਿਆਰਥੀਆਂ ਨੂੰ ਸੁਚੇਤ ਕਰਨਾ ਕਿਹਾ | ਇਸ ਮੌਕੇ ਸਲੋਗਨ ਲਿਖਣ ਦੇ ਮੁਕਾਬਲੇ ਵਿਚ ਭੂਮੀ ਵਿਗਿਆਨ ਵਿਭਾਗ ਦੀ ਮੋਲਦੀਪ ਕੌਰ, ਖੇਤੀ ਬਾਇਉਤਕਨਾਲੋਜੀ ਸਕੂਲ ਦੀ ਇਰਸ਼ੀਨ ਕੌਰ ਅਤੇ ਭੂਮੀ ਵਿਗਿਆਨ ਵਿਭਾਗ ਦੇ ਹਰਕੀਰਤ ਸਿੰਘ ਨੇ ਕ੍ਰਮਵਾਰ ਤਿੰਨ ਇਨਾਮ ਹਾਸਲ ਕੀਤੇ | ਪੁਸਤਕ ਦੇ ਸਰਵਰਕ ਡਿਜ਼ਾਈਨ ਕਰਨ ਦੇ ਮੁਕਾਬਲੇ ਵਿਚ ਕਮਿਊਨਿਟੀ ਸਾਇੰਸ ਕਾਲਜ ਦੀ ਸੁਨੇਹਾ ਗੁਪਤਾ ਨੂੰ ਪਹਿਲਾ, ਬੇਸਿਕ ਸਾਇੰਸਜ਼ ਕਾਲਜ ਦੀ ਅਸ਼ਿਤਾ ਨੂੰ ਦੂਜਾ ਅਤੇ ਬੇਸਿਕ ਸਾਇੰਸਜ਼ ਕਾਲਜ ਦੀ ਗੁਰਲੀਨ ਕੌਰ ਨੂੰ ਤੀਸਰਾ ਸਥਾਨ ਪ੍ਰਾਪਤ ਹੋਇਆ |