ਭਾਮੀਆਂ ਕਲਾਂ, 25 ਅਪ੍ਰੈਲ (ਜਤਿੰਦਰ ਭੰਬੀ)-ਵਿਧਾਨ ਸਭਾ ਹਲਕਾ ਸਾਹਨੇਵਾਲ ਤੋਂ ਸੀਨੀਅਰ ਕਾਂਗਰਸੀ ਆਗੂ ਜੈਮਲ ਸਿੰਘ ਚੌਹਾਨ ਨੇ ਆਮ ਆਦਮੀ ਪਾਰਟੀ ਦੇ 7 ਰਾਜ ਸਭਾ ਮੈਂਬਰਾਂ ਵਲੋਂ 'ਆਪ' ਨੂੰ ਅਲਵਿਦਾ ਆਖ ਕੇ ਭਾਜਪਾ ਵਿਚ ਸ਼ਾਮਿਲ ਹੋ ਜਾਣ 'ਤੇ ਤਿੱਖਾ ਪ੍ਰਤੀਕਰਮ ਦਿੰਦੇ ਹੋਏ ਕਿਹਾ ਕਿ ਮੁੱਖ ਮੰਤਰੀ ਵਲੋਂ ਕੇਜਰੀਵਾਲ ਅੱਗੇ ਗੋਡੇ ਟੇਕਣ ਦਾ ਨਤੀਜਾ ਸਾਹਮਣੇ ਆਇਆ ਹੈ, ਕਿਉਂਕਿ ਪੰਜਾਬ ਦੇ ਹਿਤਾਂ ਨਾਲ ਜੁੜੇ ਲੋਕਾਂ ਨੂੰ ਛੱਡ ਕੇ ਮੁੱਖ ਮੰਤਰੀ ਨੇ ਕੇਜਰੀਵਾਲ ਦੇ ਕਹਿਣ 'ਤੇ ਵਪਾਰੀਆਂ ਨੂੰ ਰਾਜ ਸਭਾ ਵਿਚ ਭੇਜਿਆ, ਜਿਨ੍ਹਾਂ ਦਾ ਪੰਜਾਬ ਦੇ ਹਿਤਾਂ ਨਾਲ ਕੋਈ ਸਰੋਕਾਰ ਨਹੀਂ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਅੱਜ ਵੀ ਇਸ ਨੂੰ ਹਲਕੇ ਵਿਚ ਲੈ ਰਹੇ ਹਨ ਅਤੇ ਚੁਟਕਲੇ ਸੁਣਾਉਣ ਵਿਚ ਮਸਰੂਫ ਹਨ ਕਿ ਇਨ੍ਹਾਂ ਨਾਲ ਕੋਈ ਫਰਕ ਨਹੀਂ ਪੈਣਾ, ਆਮ ਆਦਮੀ ਪਾਰਟੀ ਨੂੰ ਇਹ ਇਕ ਵੱਡਾ ਝਟਕਾ ਹੈ | ਉਨ੍ਹਾਂ ਕਿਹਾ ਕਿ ਅਸੀਂ ਇਸ ਗੱਲ ਵਿਚ ਨਹੀਂ ਜਾਂਦੇ ਕਿ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਈ.ਡੀ. ਦੇ ਡਰੋਂ ਗਏ ਹਨ ਜਾਂ ਫਿਰ ਆਮ ਆਦਮੀ ਪਾਰਟੀ ਨਾਲ ਕੋਈ ਨਾਰਾਜ਼ਗੀ ਸੀ, ਪਰ ਇਸ ਗੱਲ ਨੂੰ ਵੀ ਨਕਾਰਿਆ ਨਹੀਂ ਜਾ ਸਕਦਾ ਕਿ ਸੂਬੇ ਦੀ ਸਰਕਾਰ ਨਾ ਹੀ ਸੂਬੇ ਦੇ ਲੋਕਾਂ ਨੂੰ ਖੁਸ਼ ਰੱਖਣ ਵਿਚ ਕਾਮਯਾਬ ਹੋਈ ਹੈ ਅਤੇ ਨਾ ਹੀ ਆਪਣੇ ਰਾਜ ਸਭਾ ਮੈਂਬਰਾਂ ਨੂੰ ਭਾਜਪਾ ਵਿਚ ਜਾਣ ਤੋਂ ਰੋਕ ਸਕੀ ਹੈ, ਜਿਸ ਨੂੰ ਦੇਖਦੇ ਹੋਏ ਇਹ ਕਿਹਾ ਜਾ ਸਕਦਾ ਹੈ ਕਿ 'ਆਪ' ਦਾ ਹੋ ਰਿਹਾ ਪਤਨ ਕਿਸੇ ਤੋਂ ਵੀ ਨਹੀਂ ਲੁਕਿਆ ਹੋਇਆ |