ਡੇਰਾ ਬਾਬਾ ਨਾਨਕ, 25 ਅਪ੍ਰੈਲ (ਹੀਰਾ ਸਿੰਘ ਮਾਂਗਟ)- ਭਾਵੇਂ ਕਿ ਸਰਕਾਰ ਵਲੋਂ ਝੋਨੇ ਦੇ ਹਾਈਬਿ੍ਡ ਕਿਸਮ ਨੂੰ ਪ੍ਰਮਾਣਿਤ ਨਹੀਂ ਕੀਤਾ ਗਿਆ ਪਰ ਕਿਸਾਨਾਂ ਵਲੋਂ ਇਸ ਵਾਰ ਧੜੱਲੇ ਨਾਲ ਹਾਈਬਿ੍ਡ ਬੀਜਾਂ ਨੂੰ ਹੀ ਤਰਜੀਹ ਦਿੱਤੀ ਜਾ ਰਹੀ ਹੈ | ਇਸ ਵਾਰ ਕਣਕ ਦੀ ਕਟਾਈ ਹੁੰਦਿਆਂ ਸਾਰ ਹੀ ਕਿਸਾਨਾਂ ਦੀ ਬੀਜ ਲੈਣ ਲਈ ਦੌੜ ਲੱਗਣੀ ਸ਼ੁਰੂ ਹੋ ਗਈ ਹੈ ਤੇ ਕਿਸਾਨ ਵੱਖ-ਵੱਖ ਸ਼ਹਿਰਾਂ ਤੇ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਤੋਂ ਵੀ ਵੱਡੀ ਪੱਧਰ 'ਤੇ ਬੀਜ ਮੰਗਵਾ ਰਹੇ ਹਨ | ਇਸ ਸੰਬੰਧੀ ਆਪਣਾ ਨਾਂਅ ਗੁਪਤ ਰੱਖਣ ਦੀ ਸ਼ਰਤ 'ਤੇ ਦੁਕਾਨਦਾਰਾਂ ਨੇ ਦੱਸਿਆ ਕਿ ਇਸ ਵਾਰ ਕਿਸਾਨ ਪਰਮਲ ਦੇ ਹਾਈਬਿ੍ਡ 7501 ਬੀਜ ਨੂੰ ਵੱਡੀ ਪੱਧਰ ਤੇ ਤਰਜੀਹ ਦੇ ਰਹੇ ਹਨ | ਇਸ ਸੰਬੰਧੀ ਜਦ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਪਰਮਿੰਦਰ ਸਿੰਘ, ਮਨਦੀਪ ਸਿੰਘ, ਬਿਕਰਮਜੀਤ ਸਿੰਘ, ਬਲਵਿੰਦਰ ਸਿੰਘ, ਕੰਵਲਜੀਤ ਸਿੰਘ ਆਦਿ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਿਛਲੇ ਸਾਲ ਉਨ੍ਹਾਂ ਵਲੋਂ ਆਪਣੀਆਂ ਜ਼ਮੀਨਾਂ ਵਿਚ ਵੱਖ-ਵੱਖ ਕਿਸਮ ਦੇ ਬੀਜ ਬੀਜੇ ਗਏ ਸਨ ਪਰ ਹਾਈਬਿ੍ਡ ਸਾਵਾ 7501 ਬੀਜ ਦਾ ਸਭ ਤੋਂ ਵੱਧ 40 ਤਾਂ 42 ਕੁਇੰਟਲ ਤੱਕ ਝਾੜ ਨਿਕਲਿਆ ਸੀ, ਜਿਸ ਨਾਲ ਕਿਸਾਨ ਮਾਲੋਮਾਲ ਹੋਏ ਸਨ | ਉਨ੍ਹਾਂ ਦੱਸਿਆ ਕਿ ਭਾਵੇਂ ਸਰਕਾਰ ਵਲੋਂ ਹਾਈਬਿ੍ਡ ਬੀਜਣ ਦੀ ਮਨਾਹੀ ਕੀਤੀ ਜਾ ਰਹੀ ਹੈ ਪਰ ਕਿਸਾਨਾਂ ਵਲੋਂ ਵਧੀਆ ਝਾੜ ਲੈਣ ਲਈ ਹਾਈਬਿ੍ਡ ਬੀਜ਼ ਨੂੰ ਹੀ ਤਰਜੀਹ ਦਿੱਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਪਿਛਲੇ ਸਾਲ ਵੀ ਕੁਝ ਏਕੜ ਹਾਈਬਿ੍ਡ ਸਾਵਾ 7301 ਬੀਜ ਵੀ ਲਗਾਇਆ ਸੀ ਪਰ ਹੜ੍ਹ ਆਉਣ ਦੇ ਬਾਵਜੂਦ ਵੀ ਸਭ ਤੋਂ ਵੱਧ ਝਾੜ 7501 ਬੀਜ ਦਾ ਹੀ ਰਿਹਾ ਜਿਸ ਕਰ ਕੇ ਇਸ ਵਾਰ ਕਿਸਾਨ ਹਾਈਬਿ੍ਡ 7501 ਬੀਜ ਨੂੰ ਜਿਆਦਾ ਤਰਜ਼ੀਹ ਦੇ ਰਹੇ ਹਨ | ਇਸ ਸੰਬੰਧੀ ਜਦ ਜ਼ਿਲ੍ਹਾ ਖੇਤੀਬਾੜੀ ਅਫਸਰ ਡਾਕਟਰ ਰਣਧੀਰ ਠਾਕਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਭਾਵੇਂ ਹਾਈਬਿ੍ਡ ਬੀਜ ਦਾ ਝਾੜ ਦੂਸਰੇ ਬੀਜਾਂ ਨਾਲੋਂ ਥੋੜਾ ਜ਼ਿਆਦਾ ਨਿਕਲਦਾ ਹੈ ਪਰ ਇਸ ਨੂੰ ਵੇਚਣ ਵਿਚ ਜ਼ਰੂਰ ਟਿਕਟ ਆਵੇਗੀ | ਉਨ੍ਹਾਂ ਦੱਸਿਆ ਕਿ ਹਾਈਬਿ੍ਡ ਬੀਜਾਂ ਦੇ ਚੌਲਾਂ ਦਾ ਟੋਟਾ ਜ਼ਿਆਦਾ ਹੋਣ ਕਾਰਨ ਸ਼ੈਲਰ ਮਾਲਕਾਂ ਵਲੋਂ ਇਸ ਦੀ ਖਰੀਦ ਕਰਨ ਲਈ ਮਨਾਹੀ ਕੀਤੀ ਗਈ ਸੀ ਜਿਸ ਕਰ ਕੇ ਸਰਕਾਰ ਵਲੋਂ ਪਿਛਲੇ ਸਾਲ ਹਾਈਬਿ੍ਡ ਬੀਜਾਂ 'ਤੇ ਪਾਬੰਦੀ ਲਗਾਈ ਗਈ ਸੀ | ਉਨ੍ਹਾਂ ਦੱਸਿਆ ਕਿ ਜੇਕਰ ਕਿਸਾਨ ਫਿਰ ਵੀ ਆਪਣੀ ਮਨਮਰਜ਼ੀ ਨਾਲ ਝੋਨੇ ਦਾ ਹਾਈਬਿ੍ਡ ਬੀਜ ਬੀਜਦੇ ਹਨ ਤਾਂ ਉਨ੍ਹਾਂ ਨੂੰ ਆਉਣ ਵਾਲੇ ਸਮੇਂ ਵਿਚ ਫਸਲ ਵੇਚਣ ਲਈ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ | ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਵਲੋਂ ਪ੍ਰਮਾਣਿਤ ਕੀਤੀਆਂ ਕਿਸਮਾਂ ਦਾ ਬੀਜ ਹੀ ਬੀਜਣ ਤਾਂ ਜੋ ਉਨ੍ਹਾਂ ਨੂੰ ਮੰਡੀਆਂ ਵਿਚ ਫਸਲ ਵੇਚਣ ਸਮੇਂ ਕਿਸੇ ਕਿਸਮ ਦੀਆਂ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ |