ਲੁਧਿਆਣਾ, 27 ਅਪ੍ਰੈਲ (ਡਾ. ਤਰਲੋਚਨ ਸਿੰਘ)-ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਵਲੋਂ ਕੇਂਦਰੀ ਵਿਦਿਆਲਿਆਂ ਵਿਸ਼ੇਸ਼ ਕਰਕੇ ਆਰਮੀ ਸਕੂਲਾਂ ਵਿਚ ਮਾਤ-ਭਾਸ਼ਾ ਪੰਜਾਬੀ ਨੂੰ ਪੜ੍ਹਾਉਣ ਦੀ ਵਿਵਸਥਾ ਤੋਂ ਪਿੱਛੇ ਹਟਿਆ ਜਾ ਰਿਹਾ ਹੈ | ਅਕਾਦਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 9 ਅਪ੍ਰੈਲ 2026 ਨੂੰ ਜਾਰੀ ਸਰਕੁਲਰ ਵਿਚ ਅਜਿਹੀ ਸ਼ਰਾਰਤ ਨਜ਼ਰ ਆ ਰਹੀ ਹੈ ਕਿ ਪੰਜਾਬੀ ਸਮੇਤ ਖੇਤਰੀ ਭਾਸ਼ਾਵਾਂ ਨੂੰ ਆਰ-1 ਪੱਧਰ ਤੋਂ ਵਾਂਝਾ ਰੱਖਿਆ ਗਿਆ ਹੈ ਅਤੇ ਆਰ-2 ਰਾਹੀਂ ਮਾਤ ਭਾਸ਼ਾਵਾਂ ਨੂੰ ਯੋਗ ਸਥਾਨ ਨਹੀਂ ਦਿੱਤਾ ਗਿਆ | ਪੰਜਾਬੀ ਸਾਹਿੱਤ ਅਕਾਦਮੀ ਨੇ ਡਾਇਰੈਕਟਰ ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ, ਨਵੀਂ ਦਿੱਲੀ ਨੂੰ ਚਿੱਠੀ ਲਿੱਖ ਕੇ ਪੁਰਜ਼ੋਰ ਮੰਗ ਕੀਤੀ ਹੈ ਕਿ ਆਰ-3 ਵਿਚ ਪੰਜਾਬੀ ਨੂੰ ਯੋਗ ਸਥਾਨ ਦਿੱਤਾ ਜਾਵੇ | ਆਰ-3 ਵਿਚ ਪੰਜਾਬੀ ਭਾਸ਼ੀ ਖੇਤਰਾਂ ਵਿਚ ਪੰਜਾਬੀ ਨੂੰ ਲਾਜ਼ਮੀ ਭਾਸ਼ਾ ਬਣਾਇਆ ਜਾਵੇ | ਐਨ.ਸੀ.ਈ.ਆਰ.ਟੀ. ਨੂੰ ਪੰਜਾਬੀ ਲਈ ਪਾਠ ਸਮੱਗਰੀ ਤਿਆਰ ਕਰਨ ਲਈ ਸਮਾਂਬੱਧ ਕੀਤਾ ਜਾਵੇ |