ਮਈ ਦਿਵਸ ਮੌਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ <br/>
ਅਜੀਤ ਡੈਸਕ
02-05-2026
ਮਜ਼ਦੂਰ ਯੂਨੀਅਨ ਵਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ
ਲੁਧਿਆਣਾ, (ਜਤਿੰਦਰ ਭੰਬੀ)-ਸੀ.ਟੀ.ਯੂ. ਪੰਜਾਬ ਦੇ ਬੈਨਰ ਹੇਠ ਲਾਲ ਝੰਡਾ ਬਜਾਜ ਸੰਨਜ਼ ਮਜ਼ਦੂਰ ਯੂਨੀਅਨ ਵਲੋਂ ਅੰਤਰਰਾਸ਼ਟਰੀ ਮਈ ਦਿਵਸ ਮਨਾਇਆ ਗਿਆ | ਇਸ ਮੌਕੇ ਸ਼ਿਕਾਗੋ ਦੇ ਮਹਾਨ ਸ਼ਹੀਦੀ ਯੋਧਿਆਂ ਨੂੰ ਯਾਦ ਕਰਦਿਆਂ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਨਮਨ ਕੀਤਾ ਗਿਆ | ਸਮਾਗਮ ਦੌਰਾਨ ਬਜਾਜ ਸੰਨਜ਼ ਫ਼ੈਕਟਰੀ ਦੇ ਮੁੱਖ ਗੇਟ ਅੱਗੇ ਲਾਲ ਝੰਡਾ ਲਹਿਰਾਇਆ ਗਿਆ ਅਤੇ ਮਜ਼ਦੂਰ ਏਕਤਾ ਦੇ ਨਾਅਰਿਆਂ ਨਾਲ ਮਾਹੌਲ ਗੂੰਜ ਉਠਿਆ | ਇਸ ਮੌਕੇ ਸੀ.ਟੀ.ਯੂ. ਪੰਜਾਬ ਦੇ ਸੀਨੀਅਰ ਆਗੂ ਮੰਗਤ ਰਾਮ ਪਾਸਲਾ, ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਅਤੇ ਜਨਰਲ ਸਕੱਤਰ ਕਾਮਰੇਡ ਜਗਦੀਸ਼ ਚੰਦ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਈ ਦਿਵਸ ਸਿਰਫ਼ ਇਕ ਦਿਹਾੜਾ ਨਹੀਂ, ਸਗੋਂ ਮਜ਼ਦੂਰ ਵਰਗ ਦੀ ਲੰਮੀ ਲੜਾਈ, ਏਕਤਾ ਅਤੇ ਬਲੀਦਾਨਾਂ ਦਾ ਪ੍ਰਤੀਕ ਹੈ | ਉਨ੍ਹਾਂ ਕਿਹਾ ਕਿ ਸ਼ਿਕਾਗੋ ਦੇ ਸ਼ਹੀਦਾਂ ਦੀ ਬਦੌਲਤ ਹੀ ਅੱਜ ਮਜ਼ਦੂਰਾਂ ਨੂੰ 8 ਘੰਟੇ ਕੰਮ, 8 ਘੰਟੇ ਆਰਾਮ ਅਤੇ 8 ਘੰਟੇ ਆਪਣੇ ਪਰਿਵਾਰ ਲਈ ਸਮਾਂ ਮਿਲਣ ਦਾ ਅਧਿਕਾਰ ਪ੍ਰਾਪਤ ਹੋਇਆ, ਪਰ ਅੱਜ ਵੀ ਮਜ਼ਦੂਰਾਂ ਦੇ ਹੱਕਾਂ ਉੱਤੇ ਹਮਲੇ ਜਾਰੀ ਹਨ ਅਤੇ ਸਰਕਾਰਾਂ ਵਲੋਂ ਕਾਰਪੋਰੇਟ ਘਰਾਨਿਆਂ ਦੇ ਹਿਤਾਂ ਲਈ ਮਜ਼ਦੂਰ ਵਿਰੋਧੀ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ | ਉਨ੍ਹਾਂ ਮਜ਼ਦੂਰਾਂ ਨੂੰ ਸੱਦਾ ਦਿੱਤਾ ਕਿ ਆਪਣੇ ਹੱਕਾਂ ਦੀ ਰੱਖਿਆ ਲਈ ਇਕੱਠੇ ਹੋਣ ਅਤੇ ਜਥੇਬੰਦੀ ਤਾਕਤ ਨੂੰ ਮਜ਼ਬੂਤ ਕਰਨ | ਇਸ ਮੌਕੇ ਬਲਰਾਮ ਸਿੰਘ, ਕਾਮਰੇਡ ਪਰਮਜੀਤ ਸਿੰਘ, ਸੁਦੇਸ਼ਵਰ ਤਿਵਾੜੀ, ਰਾਮ ਧਨੀ, ਸੁਨੀਲ ਗਿਰੀ, ਫੂਲ ਬਦਨ, ਮੁਕੇਸ਼ ਕੁਮਾਰ ਸਮੇਤ ਵੱਡੀ ਗਿਣਤੀ ਵਿਚ ਕਿਰਤੀ ਕਾਮੇ ਹਾਜ਼ਰ ਸਨ |
ਬਿਜਲੀ ਏਕਤਾ ਮੰਚ ਤੇ ਜੁਆਇੰਟ ਫੋਰਮ ਨੇ ਮਈ ਦਿਵਸ 'ਤੇ ਲਾਲ ਝੰਡੇ ਲਹਿਰਾਏ
ਲੁਧਿਆਣਾ, (ਜਤਿੰਦਰ ਭੰਬੀ)-ਬਿਜਲੀ ਏਕਤਾ ਮੰਚ ਤੇ ਜੁਆਇੰਟ ਫੋਰਮ ਨੇ ਮਈ ਦਿਵਸ ਮੌਕੇ ਸਾਂਝੇ ਤੌਰ 'ਤੇ ਲਾਲ ਝੰਡੇ ਲਹਿਰਾਉਂਦਿਆਂ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ | ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਦੇ ਸੂਬਾ ਸਕੱਤਰ ਗੁਰਪ੍ਰੀਤ ਸਿੰਘ ਮਹਿਦੂਦਾਂ ਅਤੇ ਟੀ.ਐਸ.ਯੂ. ਦੇ ਸੂਬਾ ਪ੍ਰਧਾਨ ਰਘਵੀਰ ਸਿੰਘ ਰਾਮਗੜ੍ਹ ਨੇ ਸੁੰਦਰ ਨਗਰ ਡਵੀਜ਼ਨ ਦੇ ਪ੍ਰਧਾਨ ਬਹਾਦਰ ਸਿੰਘ ਲੁਹਾਰਾ (ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਏਟਕ) ਅਤੇ ਪ੍ਰਧਾਨ ਧਰਮਪਾਲ (ਟੀ.ਐਸ.ਯੂ.) ਵਲੋਂ 220 ਕੇ.ਵੀ. ਸਬ ਸਟੇਸ਼ਨ ਗੌਂਸਗੜ੍ਹ, 66 ਕੇ.ਵੀ. ਸਬ ਸਟੇਸ਼ਨ ਮੇਹਰਬਾਨ, 66 ਕੇ.ਵੀ. ਸਬ ਸਟੇਸ਼ਨ ਟਿੱਬਾ ਅਤੇ ਸੁੰਦਰ ਨਗਰ ਡਵੀਜ਼ਨ 'ਚ ਸਾਂਝੇ ਤੌਰ 'ਤੇ ਕਰਵਾਏ ਗਏ ਸਮਾਗਮਾਂ ਦੌਰਾਨ ਝੰਡੇ ਲਹਿਰਾਉਣ ਦੀ ਰਸਮ ਅਦਾ ਕੀਤੀ | ਇਸ ਮੌਕੇ ਪਾਵਰਕਾਮ ਐਂਡ ਟਰਾਂਸਕੋ ਪੈਸ਼ਨਰਜ ਯੂਨੀਅਨ ਏਟਕ ਦੇ ਸੂਬਾ ਮੀਤ ਪ੍ਰਧਾਨ ਕੇਵਲ ਸਿੰਘ ਬਨਵੈਤ, ਟੀ.ਐਸ.ਯੂ. ਦੇ ਸਾਬਕਾ ਸੂਬਾ ਮੀਤ ਪ੍ਰਧਾਨ ਜਗੀਰ ਸਿੰਘ ਅਤੇ ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਦੇ ਸਾਬਕਾ ਡਵੀਜ਼ਨ ਪ੍ਰਧਾਨ ਮੇਵਾ ਸਿੰਘ ਸ਼ੇਰਪੁਰ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਇਸ ਮੌਕੇ ਸੰਬੋਧਨ ਕਰਦਿਆਂ ਮਹਿਦੂਦਾਂ ਅਤੇ ਰਾਮਗੜ੍ਹ ਨੇ ਦੱਸਿਆ ਕਿ 18-20 ਘੰਟੇ ਤੋਂ ਅੱਠ ਘੰਟੇ ਕੰਮ ਦੀ ਡਿਊਟੀ ਕਰਵਾਉਣ ਲਈ 1 ਮਈ 1886 ਨੂੰ ਜਿਨ੍ਹਾਂ ਮਜ਼ਦੂਰਾਂ ਅਤੇ ਉਨ੍ਹਾਂ ਦੇ ਬੱਚਿਆਂ ਨੇ ਆਪਣੀਆਂ ਜਾਨਾਂ ਦਿੰਦੇ ਹੋਏ ਸਫੈਦ ਕੱਪੜੇ ਨੂੰ ਆਪਣੇ ਖ਼ੂਨ ਨਾਲ ਸਿੰਝ ਕੇ ਦੁਨੀਆ ਭਰ ਦੇ ਮਿਹਨਤਕਸ਼ਾਂ ਨੂੰ ਲਾਲ ਝੰਡਾ ਦਿੱਤਾ, ਸ਼ਿਕਾਗੋ ਦੇ ਉਨ੍ਹਾਂ ਸ਼ਹੀਦਾਂ ਦੀ ਕੁਰਬਾਨੀ ਨੂੰ ਭੁਲਾਇਆ ਨਹੀਂ ਜਾ ਸਕਦਾ | ਇਸ ਮੌਕੇ ਧਰਮਿੰਦਰ ਕੁਮਾਰ, ਦੀਪਕ ਕੁਮਾਰ, ਗੌਰਵ ਕੁਮਾਰ, ਜੇ.ਈ. ਰਾਜੀਵ ਸ਼ਰਮਾ, ਜੇ.ਈ. ਹਰਦੀਪ ਸਿੰਘ, ਕਰਤਾਰ ਸਿੰਘ, ਹਿਰਦੈ ਰਾਮ, ਕਮਲਦੀਪ ਸਿੰਘ, ਅਮਰਜੀਤ ਸਿੰਘ, ਬਲਿਹਾਰ ਸਿੰਘ, ਰਾਮ ਅਵਧ, ਪ੍ਰਕਾਸ਼ ਚੰਦ, ਗੁਰਦੀਪ ਸਿੰਘ, ਬਲਵੀਰ ਚੰਦ, ਅਕਾਸ਼ਦੀਪ ਸਿੰਘ, ਸ਼ਰਨਜੀਤ ਸਿੰਘ, ਕੁਲਵਿੰਦਰ ਸਿੰਘ, ਬਿੱਕਰ ਸਿੰਘ ਅਤੇ ਹੋਰ ਹਾਜ਼ਰ ਸਨ |
ਪੀ.ਐਸ.ਈ.ਬੀ. ਇੰਪਲਾਈਜ਼ ਫੈੱਡਰੇਸ਼ਨ ਏਟਕ ਅਤੇ ਪਾਵਰਕਾਮ ਤੇ ਟਰਾਂਸਕੋ ਪੈਨਸ਼ਨਰਜ਼ ਯੂਨੀਅਨ ਏਟਕ ਵਲੋਂ
ਲੁਧਿਆਣਾ, (ਜਤਿੰਦਰ ਭੰਬੀ)-ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਅਤੇ ਪਾਵਰਕਾਮ ਤੇ ਟਰਾਂਸਕੋ ਪੈਨਸ਼ਨਰਜ਼ ਯੂਨੀਅਨ ਏਟਕ ਨੇ ਸਾਂਝੇ ਤੌਰ 'ਤੇ ਮਈ ਦਿਵਸ ਮਨਾਇਆ ਅਤੇ ਚੀਫ਼ ਇੰਜੀਨੀਅਰਜ਼ ਦੇ ਦਫ਼ਤਰ ਸਮੇਤ ਕਈ ਹੋਰਨਾਂ ਥਾਵਾਂ 'ਤੇ ਲਾਲ ਝੰਡਾ ਲਹਿਰਾ ਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਕੀਤਾ | ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਐਫ਼.ਈ. ਦੇ ਮੈਂਬਰ ਰਸ਼ਪਾਲ ਸਿੰਘ ਪਾਲੀ, ਚਮਕੌਰ ਸਿੰਘ ਤੇ ਕੇਵਲ ਸਿੰਘ ਬਨਵੈਤ ਦੋਵੇਂ ਪਾਵਰਕਾਮ ਤੇ ਟਰਾਂਸਕੋ ਪੈਨਸ਼ਨਰਜ਼ ਯੂਨੀਅਨ ਏਟਕ ਦੇ ਸੂਬਾਈ ਆਗੂ ਅਤੇ ਗੁਰਪ੍ਰੀਤ ਸਿੰਘ ਮਹਿਦੂਦਾਂ ਸੂਬਾ ਸਕੱਤਰ ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਨੇ ਦੱਸਿਆ ਕਿ ਸ਼ਿਕਾਗੋ ਦੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਪੂਰਾ ਵਿਸ਼ਵ ਜਾਣਦਾ ਹੈ, ਜਿਨ੍ਹਾਂ ਆਪਣੇ ਡਿਊਟੀ ਦਾ ਸਮਾਂ ਅੱਠ ਘੰਟੇ ਕਰਵਾਉਣ ਲਈ ਕਿਵੇਂ ਚਿੱਟੇ ਕੱਪੜੇ ਨੂੰ ਆਪਣੇ ਖ਼ੂਨ ਨਾਲ ਰੰਗ ਦਿੱਤਾ, ਪਰ ਅੱਜ ਕੇਂਦਰ ਦੀ ਮੋਦੀ ਸਰਕਾਰ ਨੇ 29 ਕਿਰਤ ਕਾਨੂੰਨਾਂ ਨੂੰ ਖਤਮ ਕਰਕੇ ਉਨ੍ਹਾਂ ਦੀ ਜਗ੍ਹਾ ਮਿਹਨਤਕਸ਼ ਲੋਕਾਂ ਨੂੰ ਮੁੜ 12-12 ਘੰਟੇ ਕੰਮ ਕਰਵਾਉਣ ਲਈ 4 ਲੇਬਰ ਕੋਡ ਲਿਆਂਦੇ ਹਨ, ਜਿਨ੍ਹਾਂ ਨੂੰ ਵਾਪਸ ਕਰਵਾਉਣ ਲਈ ਦੇਸ਼ ਦੇ ਮਜ਼ਦੂਰਾਂ, ਮੁਲਾਜ਼ਮਾਂ ਨੂੰ ਟਰੇਡ ਯੂਨੀਅਨਾਂ ਵਲੋਂ ਸ਼ੁਰੂ ਕੀਤੇ ਸੰਘਰਸ਼ ਨੂੰ ਹੋਰ ਤੇਜ਼ ਕਰਨਾ ਹੋਵੇਗਾ | ਇਸ ਮੌਕੇ ਅਵਤਾਰ ਸਿੰਘ ਕੰਡਾ, ਸੋਬਨ ਸਿੰਘ ਠਾਕੁਰ, ਅਕਾਸ਼ਦੀਪ ਸ਼ਰਮਾ, ਅਸ਼ੋਕ ਬੰਗੜ, ਮੁਨੀਸ਼ ਕੁਮਾਰ, ਸਰਬਜੀਤ ਸਿੰਘ, ਦਵਿੰਦਰ ਸਿੰਘ, ਗੁਰਮੁੱਖ ਸਿੰਘ, ਜਸਵਿੰਦਰ ਰਾਮ, ਅਰਸ਼ਦੀਪ, ਬਲਜਿੰਦਰ ਸਿੰਘ, ਰਾਮੇਸ਼ ਕੁਮਾਰ ਤੇ ਹੋਰ ਹਾਜ਼ਰ ਸਨ |
ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ
ਲੁਧਿਆਣਾ, (ਜਤਿੰਦਰ ਭੰਬੀ)-ਕਾਰਖਾਨਾ ਮਜ਼ਦੂਰ ਯੂਨੀਅਨ ਅਤੇ ਟੈਕਸਟਾਈਲ ਹੌਜ਼ਰੀ ਕਾਮਗਾਰ ਯੂਨੀਅਨ ਵਲੋਂ ਨੌਜਵਾਨ ਭਾਰਤ ਸਭਾ ਦੇ ਸਹਿਯੋਗ ਨਾਲ ਤਾਜਪੁਰ ਰੋਡ ਵਿਖੇ ਮਜ਼ਦੂਰ ਦਿਵਸ ਮਨਾਇਆ ਗਿਆ, ਜਿਸ ਦੀ ਸ਼ੁਰੂਆਤ ਮਜ਼ਦੂਰ ਜਮਾਤ ਦੇ ਸੰਘਰਸ਼ਾਂ ਅਤੇ ਕੁਰਬਾਨੀਆਂ ਦੇ ਪ੍ਰਤੀਕ ਲਾਲ ਝੰਡਾ ਲਹਿਰਾ ਕੇ ਅੰਬਰੀ ਗੂੰਜਦੇ ਇਨਕਲਾਬੀ ਨਾਅਰਿਆਂ ਅਤੇ ਕੌਮਾਂਤਰੀ ਗੀਤ ਨਾਲ ਕੀਤੀ ਗਈ | ਇਸ ਮੌਕੇ ਕਾਰਖਾਨਾ ਮਜ਼ਦੂਰ ਯੂਨੀਅਨ ਦੇ ਲਖਵਿੰਦਰ, ਟੈਕਸਟਾਈਲ ਹੌਜ਼ਰੀ ਕਾਮਗਾਰ ਯੂਨੀਅਨ ਦੇ ਆਗੂ ਵਿਸ਼ਵਨਾਥ, ਨੌਜਵਾਨ ਭਾਰਤ ਸਭਾ ਦੀ ਆਗੂ ਰਵਿੰਦਰ ਕੌਰ, ਮੁਕਤੀ ਸੰਗਰਾਮ ਮਜ਼ਦੂਰ ਮੰਚ ਵਲੋਂ ਰਾਜਵਿੰਦਰ ਅਤੇ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਦੀ ਆਗੂ ਸਾਰਾਹ ਨੇ ਸੰਬੋਧਨ ਕੀਤਾ | ਬੁਲਾਰਿਆਂ ਨੇ ਮਈ ਦਿਹਾੜੇ ਦੇ ਇਤਿਹਾਸਕ ਮਹੱਤਵ ਅਤੇ ਦੇਸ਼-ਦੁਨੀਆ ਦੇ ਹਲਾਤਾਂ ਅਤੇ ਮਜ਼ਦੂਰ ਜਮਾਤ ਨੂੰ ਦਰਪੇਸ਼ ਚੁਣੌਤੀਆਂ ਬਾਰੇ ਵਿਚਾਰ ਪੇਸ਼ ਕੀਤੇ | ਕਾਨਫਰੰਸ ਦੌਰਾਨ 'ਇਕ ਮਜ਼ਦੂਰ ਦੀ ਮੌਤ' ਨਾਟਕ ਪੇਸ਼ ਕੀਤਾ ਗਿਆ, ਜਿਸ ਨੇ ਲੋਕਾਂ ਨੂੰ ਖੂਬ ਸਰਾਹਿਆ | ਦਿਸ਼ਾ, ਮੌਸਮ, ਸਾਰਾਹ, ਰਮੇਸ਼, ਅਖਿਲੇਸ਼ ਸਾਥੀਆਂ ਨੇ ਇਨਕਲਾਬੀ ਗੀਤ ਪੇਸ਼ ਕੀਤੇ | ਮੰਚ ਸੰਚਾਲਨ ਦੀ ਜ਼ਿੰਮੇਵਾਰੀ ਸਾਥੀ ਵਿਮਲਾ ਨੇ ਬਾਖੂਬੀ ਨਿਭਾਈ ਅਤੇ ਅੰਤ ਵਿਚ ਇਲਾਕੇ 'ਚ ਪੈਦਲ ਝੰਡਾ ਮਾਰਚ ਕੀਤਾ ਗਿਆ |