ਲੁਧਿਆਣਾ, 1 ਮਈ (ਭੁਪਿੰਦਰ ਸਿੰਘ ਬੈਂਸ)-ਭਾਜਪਾ ਮਹਿਲਾ ਮੋਰਚਾ ਵਲੋਂ ਮਹਿਲਾਵਾਂ ਨਾਲ ਸੰਬੰਧਿਤ ਮਸਲਿਆਂ ਨੰੂ ਲੈ ਕੇ ਸ਼ਹਿਰ 'ਚ ਮਹਿਲਾ ਆਕਰੋਸ਼ ਮਸ਼ਾਲ ਯਾਤਰਾ ਕੱਢੀ ਗਈ | ਇਸ ਯਾਤਰਾ ਰਾਹੀਂ ਮਹਿਲਾਵਾਂ ਦੀ ਸੁਰੱਖਿਆ, ਸਨਮਾਨ ਅਤੇ ਅਧਿਕਾਰਾਂ ਲਈ ਆਵਾਜ਼ ਬੁਲੰਦ ਕੀਤੀ ਗਈ | ਇਸ ਮੌਕੇ ਭਾਜਪਾ ਦੇ ਸੂਬਾ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ, ਮਹਿਲਾ ਮੋਰਚਾ ਦੀ ਸੂਬਾ ਪ੍ਰਧਾਨ ਜੈਇੰਦਰ ਕੌਰ, ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਅਤੇ ਮਹਿਲਾ ਮੋਰਚਾ ਦੀ ਜ਼ਿਲ੍ਹਾ ਪ੍ਰਧਾਨ ਸ਼ੀਨੂ ਚੁੱਗ ਅਤੇ ਸੀਨੀਅਰ ਆਗੂ ਲੀਨਾ ਟਪਾਰੀਆ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ | ਇਸ ਦੌਰਾਨ ਆਗੂਆਂ ਨੇ ਕਿਹਾ ਕਿ ਸੂਬੇ ਵਿਚ ਮਹਿਲਾਵਾਂ ਦੇ ਖ਼ਿਲਾਫ਼ ਵੱਧ ਰਹੇ ਅਪਰਾਧ ਅਤੇ ਅਸੁਰੱਖਿਆ ਦਾ ਮਾਹੌਲ ਗੰਭੀਰ ਚਿੰਤਾ ਦਾ ਵਿਸ਼ਾ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਵਲੋਂ ਲਿਆਂਦੇ ਮਹਿਲਾ ਰਾਖਵਾਂ ਬਿੱਲ ਨੰੂ ਸੰਸਦ ਵਿਚ ਵਿਰੋਧੀ ਧਿਰਾਂ ਨੇ ਪਾਸ ਨਹੀਂ ਹੋਣ ਦਿੱਤਾ, ਜਿਸ ਨਾਲ ਮਹਿਲਾਵਾਂ ਨੰੂ ਮਿਲਣ ਵਾਲੇ 33 ਫ਼ੀਸਦੀ ਰਾਖਵੇਂ ਹੱਕਾਂ 'ਤੇ ਡਾਕਾ ਮਾਰਿਆ ਗਿਆ ਹੈ | ਉਨ੍ਹਾਂ ਕਿਹਾ ਕਿ ਇਕ ਪਾਸੇ ਵਿਰੋਧੀ ਧਿਰਾਂ ਮਹਿਲਾਵਾਂ ਦੇ ਹੱਕਾਂ ਦੀ ਗੱਲ ਕਰਦੀਆਂ ਹਨ, ਜਦਕਿ ਦੂਜੇ ਪਾਸੇ ਅਮਲ ਵਿਚ ਮਹਿਲਾ ਵਿਰੋਧੀ ਰਵੱਈਆ ਅਪਣਾਇਆ ਜਾ ਰਿਹਾ ਹੈ | ਆਗੂਆਂ ਨੇ ਕਿਹਾ ਕਿ ਇਸ ਮਾਮਲੇ ਦਾ ਜਵਾਬ ਪੰਜਾਬ ਦੀ ਜਨਤਾ ਆਉਣ ਵਾਲੀਆਂ ਵਿਧਾਨਸਭਾ ਚੋਣਾਂ ਵਿਚ ਦੇਵੇਗੀ | ਇਸ ਮੌਕੇ ਜੈਇੰਦਰ ਕੌਰ ਨੇ ਕਿਹਾ ਕਿ ਜੇ ਮਹਿਲਾ ਰਾਖਵਾਂ ਬਿੱਲ ਪਾਸ ਹੋ ਜਾਂਦਾ ਤਾਂ ਇਹ ਮਹਿਲਾ ਸਸ਼ਕਤੀਕਰਨ ਵੱਲ ਇਕ ਮਜ਼ਬੂਤ ਕਦਮ ਸਾਬਤ ਹੁੰਦਾ | ਉਨ੍ਹਾਂ ਕਿਹਾ ਕਿ ਇਸ ਨਾਲ ਦੇਸ਼ ਦੀਆਂ ਮਹਿਲਾਵਾਂ ਨੰੂ ਉਨ੍ਹਾਂ ਦਾ ਹੱਕ ਮਿਲ ਸਕਦਾ ਸੀ | ਇਹ ਮਸ਼ਾਲ ਯਾਤਰਾ ਘੰਟਾਘਰ ਚੌਕ ਤੋਂ ਸ਼ੁਰੂ ਹੋ ਕੇ ਗਿਰਜਾ ਘਰ ਚੌਕ ਅਤੇ ਘਾਹ ਮੰਡੀ ਚੌਕ ਤੋਂ ਹੁੰਦੀ ਹੋਈ ਡਿਵੀਜ਼ਨ ਨੰਬਰ 3 ਵਿਖੇ ਸਮਾਪਤ ਹੋਈ | ਇਸ ਮੌਕੇ ਰੇਣੂ ਥਾਪਰ, ਰੀਨਾ ਜੈਨ, ਰਾਜੇਸ਼ਵਰੀ ਗੋਸਾਈ, ਡਾ. ਕਨਿਕਾ ਜਿੰਦਲ, ਸੀਮਾ ਸ਼ਰਮਾ, ਪੂਨਮ ਰਤੜਾ, ਰੁਚੀ ਗੁਲਾਟੀ, ਰੂਬੀ ਗੋਰਿਅਨ, ਅੰਜਲੀ ਸ਼ਰਮਾ ਆਦਿ ਮੌਜੂਦ ਸਨ |