ਲੁਧਿਆਣਾ 1 ਮਈ (ਜਸਵਿੰਦਰ ਸਿੰਘ)-ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਵੈਟਰਨਰੀ ਸਾਇੰਸ ਕਾਲਜ ਨੇ 2020 ਬੈਚ ਦੇ ਗ੍ਰੈਜੂਏਟ ਹੋਣ ਵਾਲੇ 100 ਵੈਟਰਨਰੀ ਵਿਦਿਆਰਥੀਆਂ ਲਈ ਸਹੁੰ ਚੁੱਕ ਸਮਾਗਮ ਕਰਵਾਇਆ | ਡਾ. ਅੰਜੂ ਪੂਨੀਆ ਨੇ ਮੁੱਖ ਮਹਿਮਾਨ ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ - ਕੁਲਪਤੀ ਦਾ ਸਵਾਗਤ ਕੀਤਾ | ਡਾ. ਜਤਿੰਦਰ ਮਹਿੰਦਰੂ, ਨਿਰਦੇਸ਼ਕ ਪਸ਼ੂ ਹਸਪਤਾਲ ਨੇ ਇਸ ਬੈਚ ਦੀ ਰਿਪੋਰਟ ਪੇਸ਼ ਕੀਤੀ | ਕਾਲਜ ਦੇ ਡੀਨ ਡਾ. ਸਵਰਨ ਸਿੰਘ ਰੰਧਾਵਾ ਨੇ ਵੈਟਰਨਰੀ ਦੀ ਸਹੁੰ ਚੁਕਾਈ | ਗ੍ਰੈਜੂਏਟਾਂ ਨੇ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਮਦਦ ਕਰਨ ਲਈ ਅਧਿਆਪਕਾਂ ਦੇ ਸਮਰਪਣ ਅਤੇ ਸਮਰਥਨ ਲਈ ਦਿਲੋਂ ਧੰਨਵਾਦ ਕੀਤਾ | ਡਾ. ਗਿੱਲ ਨੇ ਗ੍ਰੈਜੂਏਟਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਭਵਿੱਖ ਦੇ ਉਪਰਾਲਿਆਂ ਲਈ ਸਫਲਤਾ ਦੀ ਕਾਮਨਾ ਕੀਤੀ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੀਆਂ ਪੇਸ਼ੇਵਰ ਜਿੰਮੇਵਾਰੀਆਂ ਦੇ ਨਾਲ-ਨਾਲ ਸੰਤੁਲਿਤ ਅਤੇ ਸਿਹਤਮੰਦ ਜੀਵਨ ਬਣਾਈ ਰੱਖਣ ਲਈ ਪਾਠਕ੍ਰਮ ਤੋਂ ਬਾਹਰਲੀਆਂ ਗਤੀਵਿਧੀਆਂ ਵਿੱਚ ਰੁੱਝੇ ਰਹਿਣ ਲਈ ਉਤਸ਼ਾਹਿਤ ਕੀਤਾ | ਸਮਾਰੋਹ ਡਾ. ਰਣਧੀਰ ਸਿੰਘ ਦੇ ਧੰਨਵਾਦ ਮਤੇ ਨਾਲ ਸਮਾਪਤ ਹੋਇਆ | ਇਹ ਸਮਾਗਮ ਕਾਰਸ ਲੈਬਾਰਟਰੀਜ਼ ਪ੍ਰਾਈਵੇਟ ਲਿਮਟਿਡ ਵੱਲੋਂ ਪ੍ਰਾਯੋਜਿਤ ਕੀਤਾ ਗਿਆ ਸੀ | ਸਮਾਗਮ ਦੌਰਾਨ ਕਲੀਨਿਕਲ ਵਿਸਿਆਂ ਵਿੱਚ ਪਹਿਲੇ ਤਿੰਨ ਵਿਦਿਆਰਥੀਆਂ ਨੂੰ ਕ੍ਰਮਵਾਰ 51,000, 35,000 ਅਤੇ 25,000 ਦੇ ਨਗਦ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ |